ਸੰਪਾਦਕੀ
ਕੈਪਟਨ ਸਰਕਾਰ ਦੇ ੩ ਸਾਲਾਂ ਦੀ ਅਸਲ ਸੱਚਾਈ....
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਭਾਵੇਂ ਇਹ ਦਾਅਵਾ ਕਰ ਦਿੱਤਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਮੇਰੀ ਅਗਵਾਈ 'ਚ ਹੀ ਲੜੇਗੀ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਵਾਅਦੇ ੨੦੧੭ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੀਤੇ ਗਏ ਸਨ, ਉਹ ਅਗਲੇ ੨ ਸਾਲਾਂ 'ਚ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਸ਼ਿਆਂ 'ਤੇ ਕਾਫ਼ੀ ਹੱਦ ਤੱਕ ਨੱਥ ਪਾ ਲਈ ਗਈ ਹੈ ਅਤੇ ਮਾਫ਼ੀਆ ਦਾ ਪੂਰਨ ਤੌਰ 'ਤੇ ਸਫ਼ਾਇਆ ਹੋ ਚੁੱਕਿਆ ਹੈ, ਪਰ ਜੇਕਰ ਇਨ੍ਹਾਂ ਦਾਅਵਿਆਂ ਨੂੰ ਜ਼ਮੀਨੀ ਹਕੀਕਤ 'ਤੇ ਪਰਖੀਏ ਤਾਂ ਇਹ ਪੂਰੀ ਤਰ੍ਹਾਂ ਖੋਖਲੇ ਦਾਅਵੇ ਹੀ ਨਜ਼ਰ ਆਉਂਦੇ ਹਨ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸਾਹਿਬ ਫੜ੍ਹ ਕੇ ਚਾਰ ਹਫ਼ਤਿਆਂ 'ਚ ਹੀ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ, ਜਦੋਂ ਕਿ ਹੁਣ ੩ ਸਾਲਾਂ ਬਾਅਦ ਵੀ ਉਹ 'ਕਾਫ਼ੀ ਹੱਦ ਤੱਕ' ਖੁਦ ਹੀ ਵਰਤ ਰਹੇ ਹਨ, ਪਰ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਨਸ਼ਿਆਂ ਦੀ ਨਾ ਤਾਂ ਸਪਲਾਈ ਲਾਈਨ ਟੁੱਟੀ ਹੈ, ਨਾ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ ਹੈ ਅਤੇ ਨਾ ਹੀ ਇਸ ਗੱਲ ਵਿੱਚ ਕੋਈ ਫਰਕ ਪਿਆ ਹੈ ਕਿ ਰਾਜਨੀਤੀਵਾਨਾਂ ਪੁਲਿਸ ਅਤੇ ਨਸ਼ੇ ਵੇਚਣ ਵਾਲਿਆਂ ਦਰਮਿਆਨ ਗਠਜੋੜ ਟੁੱਟ ਗਿਆ ਹੈ। ਅਸਲ ਸੱਚਾਈ ਤਾਂ ਇਹ ਹੈ ਕਿ ਇੱਕ ਫਰਕ ਤਾਂ ਜ਼ਰੂਰ ਪਿਆ ਹੈ ਕਿ ਨਸ਼ਿਆਂ ਦੀ ਕੀਮਤ ਪਹਿਲਾਂ ਨਾਲੋਂ ਕਾਫ਼ੀ ਵੱਧ ਗਈ ਹੈ, ਜਿਸ ਨਾਲ ਨਸ਼ਿਆਂ ਵੇਚਣ ਵਾਲਿਆਂ ਦਾ ਮੁਨਾਫ਼ਾ ਵਧਿਆ ਅਤੇ ਦੂਜਾ ਨਸ਼ਾ ਕਰਨ ਵਾਲਿਆਂ ਦਾ ਜੁਰਮ ਦਾ ਰੁਝਾਨ ਵੀ ਵਧਿਆ ਹੈ। ਜੇਕਰ ਇਸ ਸਥਿਤੀ ਨਸ਼ਿਆਂ 'ਤੇ ਕਾਬੂ ਪਾ ਲਿਆ ਕਹਿ ਲਿਆ ਜਾਵੇ ਤਾਂ ਇਹ ਬਿਲਕੁਲ ਨਾ-ਵਾਜਬ ਅਤੇ ਨਾ ਮੰਨਣਯੋਗ ਹੈ।
ਜਿੱਥੋ ਤੱਕ ਬਾਕੀ ਵਾਅਦਿਆਂ ਦੀ ਗੱਲ ਹੈ, ਉਹ ਅਸਲੀਅਤ ਦੇ ਪੱਧਰ 'ਤੇ ਬਿਲਕੁਲ ਪੂਰੇ ਕੀਤੇ ਨਜ਼ਰ ਨਹੀਂ ਆਉਂਦੇ। ਉਦਾਹਰਨ ਵਜੋਂ ਸਰਕਾਰ ਕਰਜ਼ੇ ਖਤਮ ਕਰਨ ਲਈ ੩ ਹਜ਼ਾਰ ਕਰੋੜ ਰੁਪਏ ੨੦੧੯-੨੦ ਦੇ ਬਜਟ 'ਚ ਰੱਖੇ ਸਨ, ਪਰ ਇਸ ਵਿੱਚੋਂ ਵੀ ਕਰੀਬ ੫੫੪ ਕਰੋੜ ਰੁਪਏ ਹੀ ਵੰਡੇ ਗਏ। ਪਿਛਲ਼ੇਂ ਸਾਲ ਦੌਰਾਨ ਪੰਜਾਬ ਦੇ ਕਈ ਭਾਗਾਂ 'ਚ ਹੜ੍ਹਾਂ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ, ਪਰ ਵਿੱਤੀ ਵਰ੍ਹਾ ਬੀਤ ਜਾਣ ਵਾਲਾ ਹੈ, ਪਰ ਕਿਸੇ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਪੰਜਾਬ ਦੀ ਆਰਥਿਕ ਹਾਲਤ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਜਿੰਨ੍ਹਾਂ 'ਚ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਵੀ ਸ਼ਾਮਲ ਹੈ, ਸਿਰਫ਼ ਇਸ ਕਰਕੇ ਫੇਲ੍ਹ ਹੋ ਗਈਆਂ ਕਿ ਪੰਜਾਬ ਸਰਕਾਰ ਨੇ ਆਪਣਾ ੪੦ਫੀਸਦੀ ਹਿੱਸਾ ਨਹੀਂ ਪਾਇਆ। ਰਹੀ ਗੱਲ ਮਾਫ਼ੀਆ ਖਤਮ ਕਰਨ ਦੀ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ 'ਚ ਕੋਈ ਇੱਕ ਮਾਫ਼ੀਆ ਨਹੀਂ ਹੈ, ਪੰਜਾਬ 'ਚ ਰੇਤ ਮਾਫ਼ੀਆ ਹੈ, ਟ੍ਰਾਂਸਪੋਰਟ ਮਾਫ਼ੀਆ ਹੈ, ਭੂ-ਮਾਫ਼ੀਆ ਹੈ, ਗੈਂਗਸਟਰ ਹਨ, ਇਸ ਤੋਂ ਇਲਾਵਾ ਵੀ ਕਈ ਤਰ੍ਹਾ ਦਾ ਮਾਫ਼ੀਆ ਜੋ ਚੋਣਾਂ ਤੋਂ ਪਹਿਲਾਂ ਕੈਪਟਨ ਵੱਲੋਂ ਪ੍ਰਚਾਰਿਆ ਜਾਂਦਾ ਸੀ, ਅੱਜ ਵੀ ਉਵੇਂ ਹੀ ਖੜ੍ਹਾ ਹੈ। ਕਿਸੇ ਪ੍ਰਾਈਵੇਟ ਟ੍ਰਾਂਸਪੋਰਟ ਵਾਲੇ ਨੂੰ ਕੋਈ ਘਾਟਾ ਨਹੀਂ ਅਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਹਾਲਤ ਕਿਸੇ ਤੋਂ ਲੁੱਕੀ ਨਹੀਂ। ਰੇਤ ਬਜਰੀ ਮਾਫ਼ੀਆ ਨੇ ਤਾਂ ਅੱਤ ਚੁੱਕੀ ਹੋਈ ਹੈ, ਉਸ ਵਿੱਚ ਅਕਾਲੀ-ਕਾਂਗਰਸੀ ਸਾਰੇ ਹੀ ਵਹਿੰਦੀ ਗੰਗਾ 'ਚ ਹੱਥ ਧੋਂਦੇ ਦਿਖਦੇ ਹਨ। ਸ਼ਰਾਬ ਦੇ ਮਾਮਲੇ 'ਚ ਨੀਤੀ ਨਾ ਤਾਂ ਪਾਰਦਰਸ਼ੀ ਹੈ ਅਤੇ ਨਾ ਹੀ ਸ਼ਰਾਬ ਦੇ ਨਸ਼ੇ ਨੂੰ ਘਟਾਉਣ ਵਾਲੀ ਹੈ।
ਇਨ੍ਹਾਂ ਗੱਲਾਂ ਨੂੰ ਛੱਡ ਵੀ ਦੇਈਏ ਤਾਂ ਜਿਸ ਤਰ੍ਹਾ ਦੇ ਰਾਜਸੀ ਹਾਲਤ ਦਿਖਦੇ ਹਨ, ਉਨ੍ਹਾਂ ਹਲਾਤਾਂ 'ਚ ਕੈਪਟਨ ਬੇਸ਼ੱਕ ਖੁਦ ਕਹੀ ਜਾਣ ਕਿ ਉਹ ੨੦੨੨ ਦੀਆਂ ਚੋਣਾਂ 'ਚ ਕਾਂਗਰਸ ਦੀ ਅਗਵਾਈ ਕਰਨਗੇ, ਪਰ ਜਿਸ ਤਰ੍ਹਾਂ ਹੌਲੀ ਹੌਲੀ ਕਾਂਗਰਸ ਵਿਧਾਇਕ ਦਲ 'ਚ ਉਨ੍ਹਾਂ ਪ੍ਰਤੀ ਨਿਰਾਸ਼ਾ ਅਤੇ ਨਾਰਾਜ਼ਗੀ ਸਾਹਮਣੇ ਆ ਰਹੀ ਹੈ, ਉਹ ਕੁਝ ਹੋਰ ਹੀ ਬਿਆਨ ਕਰਦੀ ਹੈ। ਸਭ ਤੋਂ ਤਾਜ਼ਾ ਗੱਲ ਤਾਂ ਇਹੀ ਹੈ ਕਿ ਵਿਧਾਨ ਸਭਾ 'ਚ ਵੀ ਕੁਝ ਮੰਤਰੀਆਂ ਤੇ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ਼ ਬੋਲਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਫਿਰ ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਵਿਧਾਇਕ ਤਰਸਦੇ ਰਹਿੰਦੇ ਹਨ, ਵੱਲੋਂ ਦਿੱਤੇ ਗਏ ਰਾਤ ਦੇ ਖਾਣੇ ਵਿੱਚ ਅੱਧ ਤੋਂ ਵਧੇਰੇ ਵਿਧਾਇਕਾਂ ਦਾ ਨਾ ਪਹੁੰਚਣਾ ਵੀ ਆਪਣੀ ਕਹਾਣੀ ਆਪ ਦਰਸਾ ਰਿਹਾ ਹੈ।
- ਬਲਵਿੰਦਰ ਸਿੰਘ ਪੁੜੈਣ