ਸੰਪਾਦਕੀ
'ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ'
ਕਰੋਨਾ ਵਾਇਰਸ ਨੇ ਦੁਨੀਆਂ ਭਰ ਸੈਂਕੜੇ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਹਾਲਾਂਕਿ ਅਜੇ ਤੱਕ ਭਾਰਤ ਵਿੱਚ ਇਸ ਮਹਾਂਮਾਰੀ ਕਾਫ਼ੀ ਕੰਟਰੋਲ 'ਚ ਨਜ਼ਰ ਆਉਂਦੀ ਹੈ ਅਤੇ ਇਸ ਤਰ੍ਹਾ ਜਾਪਦਾ ਹੈ ਜਿਵੇਂ ਭਾਰਤ ਇਸ ਮਹਾਂਮਾਰੀ ਨਾਲ ਲੜਨ ਦੇ ਸਮਰੱਥ ਹੈ, ਪਰ ਇਸ ਗੱਲ ਦੀ ਅਸਲੀ ਪਰਖ ਇਸ ਹਫ਼ਤੇ ਵਿੱਚ ਹੋਵੇਗੀ। ਹੁਣ ਤੱਕ ਤਾਂ ਭਾਰਤ ਕਰੋਨਾ ਦੀ ਦੂਜੀ ਸਟੇਜ 'ਚੋਂ ਗੁਜਰ ਰਿਹਾ ਸੀ, ਪਰ ਇਸ ਹਫ਼ਤੇ ਜੇਕਰ ਭਾਰਤ ਤੀਜੀ ਸਟੇਜ 'ਚ ਦਾਖਲ ਹੋ ਗਿਆ ਤਾਂ ਜੋ ਸਾਧਨ ਅਤੇ ਇੰਤਜਾਮ ਸਾਡੇ ਕੋਲ ਹਨ, ਉਹ ਬਿਲਕੁਲ ਨਾ-ਕਾਫ਼ੀ ਹੋ ਜਾਣਗੇ, ਪਰ ਜੇਕਰ ਇਸ ਹਫ਼ਤੇ ਵਿੱਚ ਵੀ ਭਾਰਤ ਵਿੱਚ ਕਰੋਨਾ ਦਾ ਕਹਿਰ ਕਾਬੂ ਵਿੱਚ ਰਿਹਾ ਤਾਂ ਸਮਝਿਆ ਜਾ ਸਕਦਾ ਹੈ ਕਿ ਭਾਰਤ ਕਰੋਨਾ ਦੀ ਅਜਿਹੀ ਮਾਰ ਤੋਂ ਬਚ ਸਕੇਗਾ, ਜਿਹੋ ਜਿਹੀ ਚੀਨ ਅਤੇ ਇਟਲੀ ਆਦਿ ਦੇਸ਼ਾਂ ਨੇ ਸਹੀ ਹੈ। ਅਜੇ ਤੱਕ ਤਾਂ ਭਾਰਤ ਵਿੱਚ ਤਿੰਨ ਮੌਤਾਂ ਹੋਈਆਂ ਹਨ, ਇਸ ਕਰਕੇ ਇਹ ਸਮਝਿਆ ਜਾ ਸਕਦਾ ਹੈ ਕਿ ਅਜੇ ਇਹ ਬੀਮਾਰੀ ਭਾਰਤ ਦੇ ਕੰਟਰੋਲ 'ਚ ਹੈ।
ਦੁਨੀਆਂ ਭਰ 'ਚ ਹੁਣ ਤੱਕ ੭੫੦੦ ਦੇ ਆਸਪਾਸ ਲੋਕ ਇਸ ਦੀ ਮਾਰ ਨਾ ਸਹਿ ਕੇ ਪ੍ਰਲੋਕ ਸਿਧਾਰ ਚੁੱਕੇ ਹਨ, ਜਿੰਨ੍ਹਾਂ ਵਿੱਚੋਂ ਪਿਛਲੇਂ ੨੪ ਘੰਟਿਆਂ ਵਿੱਚ ਹੀ ਵੱਖ-ਵੱਖ ਦੇਸ਼ਾਂ 'ਚ ਕਰੀਬ ੬੫੦੦ ਮੌਤਾਂ ਹੋਈਆਂ ਹਨ। ਚੀਨ ਵਿੱਚ ਭਾਵੇਂ ਹੁਣ ਤੱਕ ੩੨੨੬ ਮੌਤਾਂ ਹੋ ਚੁੱਕੀਆਂ ਹਨ, ਪਰ ਇਸ ਤਰ੍ਹਾ ਜਾਪਦਾ ਹੈ ਕਿ ਜਿਵੇਂ ਚੀਨ ਨੇ ਕਰੋਨਾ ਦੇ ਫੈਲ਼ਾਅ 'ਤੇ ਕਾਬੂ ਪਾ ਲਿਆ ਹੋਵੇ। ਪਿਛਲੇਂ ਦਿਨੀਂ ਗੰਗਾ ਰਾਮ ਮੈਡੀਕਲ ਹਸਪਤਾਲ ਦੇ ਪ੍ਰਮੁੱਖ ਡਾਕਟਰ ਨੇ ਕਿਹਾ ਸੀ ਕਿ ਚੰਗਾ ਹੋਵੇ ਜੇਕਰ ਅਸੀਂ ਇੱਕ ਹਫ਼ਤੇ ਜਾਂ ੧੪ ਦਿਨਾਂ ਲਈ ਪੂਰੀ ਤਰ੍ਹਾ ਲਾਕ-ਆਊਟ ਕਰ ਦੇਈਏ। ਬੇਸ਼ੱਕ ਇਹ ਅਜਿਹੀ ਸਥਿਤੀ ਹੋਵੇਗੀ ਜਿਸ ਨਾਲ ਆਰਥਿਕ ਨੁਕਸਾਨ ਤਾਂ ਵੱਡੀ ਗਿਣਤੀ ਵਿੱਚ ਹੋਵੇਗਾ, ਪਰ ਕੋਈ ਆਰਥਿਕ ਨੁਕਸਾਨ, ਜ਼ਿੰਦਗੀ ਨਾਲੋਂ ਵੱਡਾ ਨਹੀਂ। ਇਸ ਵੇਲੇ ਪੰਜਾਬ ਵਿੱਚ ਜੋ ਸਥਿਤੀ ਹੈ, ਉਸ ਮੁਤਾਬਿਕ ਪੰਜਾਬ ਵਿੱਚ ਕੁੱਲ ੩੧੪ ਵੈਟੀਲੇਟਰ ਹੀ ਉਪਲੱਬਧ ਹਨ। ਜੇਕਰ ਪੰਜਾਬ 'ਚ ਕਰੋਨਾ ਇੱਕ ਮਹਾਂਮਾਰੀ ਵਜੋਂ ਫੈਲਦਾ ਤਾਂ ਇਹ ਗਿਣਤੀ ਬਹੁਤ ਘੱਟ ਹੋਵੇਗੀ, ਕਿਉਂਕਿ ਕਰੋਨਾ ਜਦੋਂ ਫੈਲਦਾ ਹੈ ਤਾਂ ਉਹ ਅਮੀਬਾ ਵਾਂਗ ਦੋ ਦੁਣੀ ਚਾਰ ਵਾਂਗ ਮਲਟੀਪਲਾਈ ਹੁੰਦਾ ਜਾਂਦਾ ਹੈ, ਕਿਉਂਕਿ ਕਿਸੇ ਨੂੰ ਕਰੋਨਾ ਹੋਣ ਦੀ ਪੁਸ਼ਟੀ ੫ ਤੋਂ ੧੪ ਦਿਨ ਬਾਅਦ ਹੀ ਪਤਾ ਲੱਗਦੀ ਹੈ। ਇਹ ੫ ਤੋਂ ੧੪ ਦਿਨ ਕਿਸੇ ਨੂੰ ਕਰੋਨਾ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਵੀ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਤੇ ਇਨ੍ਹਾਂ ਦਿਨਾਂ 'ਚ ਉਹ ਵਿਅਕਤੀ ਇੱਕ ਤੰਦਰੁਸਤ ਬੰਦੇ ਵਾਂਗ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਵਪਾਰਕ ਸੰਬੰਧਾਂ ਵਿੱਚ ਇਹ ਬੀਮਾਰੀ ਫੈਲਾਉਂਦਾ ਰਹਿੰਦਾ ਹੈ। ਉਸ ਦੇ ਬੀਮਾਰ ਹੋਣ ਤੱਕ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੰਨ੍ਹੇ ਬੰਦਿਆਂ ਦੇ ਸੰਪਰਕ 'ਚ ਆ ਕੇ ਉਨ੍ਹਾਂ ਨੂੰ ਇਹ ਬੀਮਾਰੀ ਦੇ ਗਿਆ। ਅਸੀਂ ਸਮਝਦੇ ਹਾਂ ਕਿ ਡਾਕਟਰੀ ਇਲਾਜ ਦੇ ਨਾਲ ਨਾਲ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਅਜਿਹੀ ਬੀਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਰਸਤਾ ਹੈ, ਕਿਉਂਕਿ ਗੁਰਬਾਣੀ ਇੱਕ ਪਾਸੇ ਸਾਫ਼ ਸੁਥਰਾ ਖਾਣ-ਪੀਣ, ਸਾਫ਼ ਸੁਥਰਾ ਰਹਿਣ-ਸਹਿਣ ਰੱਖਣ ਦੀ ਪ੍ਰੇਰਨਾ ਦਿੰਦੀ ਹੈ ਤੇ ਦੂਜੇ ਪਾਸੇ ਤੰਦਰੁਸਤ ਰਹਿਣ ਲਈ ਅਰਦਾਸ ਕਰਨ ਦੀ ਗੱਲ ਵੀ ਕਰਦੀ ਹੈ। ਇਹ ਸਪੱਸ਼ਟ ਹੈ ਕਿ ਕਰੋਨਾ ਵਰਗੀ ਬੀਮਾਰੀ ਵਿੱਚ ਉਹ ਲੋਕ ਹੀ ਮੌਤ ਦੇ ਮੂੰਹ ਵਿੱਚ ਜਾਂਦੇ ਹਨ, ਜਿੰਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾਂ ਕਮਜ਼ੌਰ ਪੈ ਜਾਂਦੀ ਹੈ। ਇਹੀ ਕਾਰਨ ਹੈ ਕਿ ਮਰਨ ਵਾਲਿਆਂ 'ਚ ਬੁੱਢੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਗੁਰਬਾਣੀ ਪਾਠ ਨਾਲ ਅਤੇ ਚੰਗਾ ਖਾਣ ਪੀਣ ਨਾਲ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਇਸ ਲਈ ਅਸੀਂ ਆਪਣੇ ਪਾਠਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਉਹ ਡਾਕਟਰਾਂ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਚੱਲਣ ਅਤੇ ਨਾਲ ਨਾਲ ਗੁਰਬਾਣੀ ਅਨੁਸਾਰ ਜੀਵਨ ਜੀਉਣ ਅਤੇ ਅਰਦਾਸ ਕਰਨ। ਮਨੁੱਖਤਾ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਉਸ ਪਰਮ ਪਿਤਾ ਪ੍ਰਮੇਸ਼ਵਰ ਅੱਗੇ ਗੁਰਬਾਣੀ ਦੀ ਤੁੱਕ 'ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ' ਵਾਂਗ ਹਰ ਰੋਜ਼ ਅਰਦਾਸ ਕਰੀਏ ਕਿ ਇਹ ਪ੍ਰਮਾਤਮਾ ਮਨੁੱਖਤਾ ਨੂੰ ਇਸ ਮਹਾਂਮਾਰੀ ਤੋਂ ਬਚਾਅ। ਗੁਰੂ ਮੇਹਰ ਕਰੇ।
ਬਲਵਿੰਦਰ ਸਿੰਘ ਪੁੜੈਣ