ਸੰਪਾਦਕੀ
ਜਦੋਂ ਦਿੱਲੀ 'ਤੇ ਕੇਸਰੀ ਝੂਲਿਆ...
ਦਿੱਲੀ ਦੇ ਤਖ਼ਤ 'ਤੇ 11 ਮਾਰਚ ਨੂੰ ਸਿੱਖਾਂ ਦੇ ਜਰਨੈਲ ਭਾਈ ਬਘੇਲ ਸਿੰਘ ਨੇ ਦਿੱਲੀ 'ਤੇ ਫਤਹਿ ਦਾ ਕੇਸਰੀ ਨਿਸ਼ਾਨ ਸਾਹਿਬ ਝੂਲਾਇਆ ਸੀ। ਹੁਣ ਦੀ ਸਿੱਖ ਪਨੀਰੀ ਲਈ ਇਹ ਇੱਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ, ਕਿਉਂਕਿ ਉਦੋਂ ਖਾਲਸਾ ਨਿਸ਼ੰਗ ਸੀ, ਜੋ ਹਰ ਸਮੇਂ ਦ੍ਰਿੜਤਾ ਤੇ ਗੁਰੂ ਦੇ ਭਰੋਸੇ ਨਾਲ ਸਦੀਵੀ ਤੌਰ 'ਤੇ ਲੱਦਿਆ ਹੀ ਰਹਿੰਦਾ ਸੀ। ਇਸ ਖਾਲਸੇ ਨੇ ਕਦੀ ਕਿਸੇ ਦੀ ਈਨ ਨਹੀਂ ਸੀ ਮੰਨੀ, ਇਹੋ ਖਾਲਸਾ ਸੀ, ਜਿਸ ਨੇ ਅਕਾਲ ਤਖ਼ਤ ਸਾਹਿਬ ਜੀ ਦਾ ਜੱਥੇਦਾਰ ਹੁੰਦਿਆਂ, ਗ਼ਲਤੀ ਕਰਨ ਤੇ ਪੰਜਾਬ ਦੇ ਰਾਜੇ ਰਣਜੀਤ ਸਿੰਘ ਨੂੰ ਉਓਏ ਕਾਣਿਆ ਕਹਿ ਕੇ ਬੁਲਾਇਆ ਸੀ। ਇਹ ਖਾਲਸੇ ਦੇ ਅੰਦਰ ਦੀ ਅਡੋਲਤਾ ਦੀ ਜਿਊਂਦੀ ਜਾਗਦੀ ਮਿਸਾਲ ਹੈ। ਅੱਜ ਦੇ ਅਕਾਲੀ ਤਾਂ ਆਪਣੇ ਪੁੱਤ ਤੇ ਨੂੰਹ ਦੀ ਉਮਰ ਦੇ ਆਗੂਆਂ ਨੂੰ ਪੈਰੀ ਹੱਥ ਇਸ ਲਈ ਲਾਉਂਦੇ ਹਨ ਕਿ ਉਹ ਸਿਆਸੀ ਧਿਰ ਦਾ ਪ੍ਰਧਾਨ ਹੈ। ਕੀ ਹੁਣ ਮੁੜ ਇਹ ਕੌਮ ਦਿੱਲੀ 'ਤੇ ਕੇਸਰੀ ਝੂਲਾ ਸਕੇਗੀ??
ਇਹ ਸੱਚ ਹੈ ਕਿ ਅਜੋਕਾ ਦੌਰ ਸਿੱਖੀ ਦੀ ਹੋਂਦ ਦਾ ਨਾਕਾਰਆਤਮਿਕ ਦੌਰ ਹੈ, ਪਰ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਗੁਰੂ ਦੇ ਸਿੱਖਾਂ ਦੇ ਬੋਲਬਾਲੇ ਝੂਠੇ ਸਾਬਿਤ ਹੋਣ ਉਰਾਜ ਕਰੇਗਾ ਖਾਲਸਾ। ਇਹ ਸਭ ਸੰਭਵ ਹੈ, ਜੇ ਗੁਰੂ ਦੇ ਕਹੇ ਅਸੀਂ ਉਹ ਬਚਨ ਪੁਗਾਈਏ..
ਜਬ ਲਗ ਖਾਲਸਾ ਰਹੇ ਨਿਆਰਾ £
ਤਬ ਲਗ ਤੇਜ ਕੀਉ ਮੈਂ ਸਾਰਾ £
ਪਰ ਇਸ ਦੇ ਉਲਟ ਅਸੀਂ ਗੁਰੂ ਸਾਹਿਬ ਦੇ ਉਹ ਬਚਨਾਂ 'ਤੇ ਚੱਲ ਪਏ ਹਾਂ, ਜਿਸ ਬਾਰੇ ਉਨ੍ਹਾਂ ਕਿਹਾ ਸੀ ਕਿ ...
ਜਬ ਇਹ ਰਾਹੈ ਬਿਪਰਨ ਕੀ ਰੀਤ £
ਮੈਂ ਨ ਕਰੋ ਇਨ ਕੀ ਪ੍ਰਤੀਤ £
ਸਪੱਸ਼ਟ ਹੈ ਕਿ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ। ਅੱਜ ਸਾਨੂੰ ਉਨ੍ਹਾਂ ਸੂਰਬੀਰ ਯੋਧਿਆਂ ਤੇ ਜੱਥੇਦਾਰਾਂ ਦੇ ਰਾਹ 'ਤੇ ਚੱਲਣ ਦੀ ਲੋੜ ਹੈ, ਜਿੰਨ੍ਹਾਂ 'ਸੀਸ ਦੀਆ ਪਰ, ਸਿਰਰ ਨਾ ਦੀਆ'। ਅਸੀਂ ਦੁਨੀਆਂ ਦੀ ਫੋਕੀ ਚਕਾਚੌਂਦ ਤੋਂ ਦੂਰ ਹੋਈਏ। ਘਟਨਾਵਾਂ ਤੋਂ ਇਤਿਹਾਸ ਨੂੰ ਨਵਾਂ ਮੋੜ ਮਿਲਦਾ ਹੈ। ਅੱਜ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਦੀ ਵਧੇਰੇ ਲੋੜ ਹੈ ਤਾਂ ਕਿ ਇਸ ਪ੍ਰਬੰਧ 'ਚੋਂ ਮੁੜ ਸਿੱਖੀ ਦੀ ਖੁਸ਼ਬੂ ਆਵੇ ਤੇ ਸਾਡੀ ਸੂਰਮੇ ਜੰਮਣ ਵਾਲੀ ਕੁੱਖ ਫਿਰ ਤੋਂ ਸਿੱਖੀ ਦੇ ਬੂਟੇ ਨੂੰ ਲੰਮੇਰਾ ਤੇ ਹੋਰ ਲੰਮੇਰਾ ਕਰ ਦੇਵੇ।
ਅੱਜ ਸਾਨੂੰ ਇਹ ਸੋਚ ਤਿਆਗਣੀ ਪਵੇਗੀ ਕਿ ਸੂਰਮੇ ਜੰਮਣ, ਪਰ ਸਾਡੇ ਘਰ ਨਹੀਂ। ਜਦੋਂ ਵੀ ਕੌਮ 'ਤੇ ਭੀੜ ਪਈ ਹੈ ਤਾਂ ਸਾਡੀਆਂ ਮਾਵਾਂ ਹੀ ਅੱਗੇ ਆਈਆਂ ਹਨ, ਗ਼ੱਲ ਚਾਹੇ ਖੰਡੇ ਦੀ ਪਹੁਲ 'ਚ ਪਤਾਸੇ ਪਾਉਣ ਦੀ ਹੋਵੇ, ਚਾਹੇ ਆਪਣੇ ਬੱਚਿਆਂ ਦੇ ਟੋਟੋ ਕਰਵਾ ਕੇ ਗ਼ਲਾਂ 'ਚ ਪਾਉਣ ਦੀ ਹੋਵੇ, ਚਾਹੇ ਮਾਈ ਭਾਗੋ ਬਣ ਕੇ 'ਟੁੱਟੀ ਗੰਢਾਉਣ' ਦੀ ਹੋਵੇ। ਸਭ ਦੀ ਸ਼ੁਰੂਆਤ ਮਾਵਾਂ ਨੇ ਹੀ ਕੀਤੀ ਹੈ। ਸੋ, ਹੁਣ ਵੀ ਜੇਕਰ ਕੌਮ 'ਚ ਨਵੀਂ ਰੂਹ ਫੂਕਣੀ ਹੈ ਤਾਂ ਸਾਨੂੰ ਆਪਣੀਆਂ ਧੀਆਂ, ਭੈਣਾਂ ਨੂੰ ਧਾਰਮਿਕ ਤੌਰ ਅਤੇ ਬੌਧਿਕ ਪੱਖੋ ਮਜ਼ਬੂਤ ਕਰਨਾ ਪਵੇਗਾ ਤਾਂ ਕਿ ਮੁੜ ਦਿੱਲੀ 'ਤੇ ਕੇਸਰੀ ਨਿਸ਼ਾਨ ਝੂਲ ਸਕੀਏੇ। ਆਓ! ਰਲ ਮਿਲ ਕੇ ਅੱਜ ਤੋਂ ਹੀ ਹੰਭਲਾ ਮਾਰੀਏ, ਕਿਉਂਕਿ ਜਦੋਂ ਜਾਗ ਗਏ, ਸਵੇਰ ਉਦੋਂ ਤੋਂ ਹੀ ਹੁੰਦੀ ਹੈ। ਗੁਰੂ ਮੇਹਰ ਕਰੇ!
- ਬਲਵਿੰਦਰ ਸਿੰਘ ਪੁੜੈਣ