ਸੰਪਾਦਕੀ

ਵਿਦਿਆਰਥੀਓ! ਚੰਗੇ ਸਿਆਸੀ ਬਣੋ...
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਈ ਵੱਡ-ਵੱਡੇ ਸਿਆਸਤਦਾਨਾਂ ਨੇ ਆਪਣਾ ਸਿਆਸੀ ਜੀਵਨ ਯੂਨੀਵਰਸਿਟੀਆਂ, ਕਾਲਜਾਂ ਜਾਂ ਵਿੱਦਿਅਕ ਅਦਾਰਿਆਂ ਤੋਂ ਸ਼ੁਰੂ ਕੀਤਾ ਹੈ ਅਜਿਹੀਆਂ ਬਹੁਤ ਉਦਾਹਰਣਾਂ ਹਨ ਪਰ, ਅਜੋਕੇ ਦੌਰ ਦੇ ਵਿਦਿਆਰਥੀ ਵਰਗ ਨੂੰ ਸਾਡੀ ਇਹੋ ਸਲਾਹ ਹੈ ਕਿ ਗੀਧੀ ਸਿਆਸਤਦਾਨਾਂ ਦੇ ਹੱਥੇ ਨਾ ਚੜਿਆ ਜਾਵੇ ਕਿਉਂਕੀ ਸਿਆਸੀ ਲੋਕ ਅੱਜ ਕੱਲ ਵਿੱਦਿਅਕ ਥਾਵਾਂ ਨੂੰ ਹੀ ਅਜਿਹਾ ਚੋਣ ਅਖਾੜਾ ਬਣਾਉਂਦੇ ਹਨ ਕਿ ਵਿਦਿਆਰਥੀ ਪੜ੍ਹਣ ਦੀ ਥਾਂ ਆਪਣੀ ਜੁਆਨੀ ਦੇ ਜੋਸ਼ ਨੂੰ , ਰੈਲੀਆਂ ਦੇ ਇਕੱਠ ਦਾ ਇੱਕ ਮੋਹਰਾ ਬਣਾ ਬੈਠਦੇ ਹਨ। ਜਿਸਦਾ ਪਤਾ ਓਦੋਂ ਲੱਗਦਾ ਹੈ ਜਦੋਂ ਉਮਰ ਦਾ ਕਾਫੀ ਹਿੱਸਾ ਬੀਤ ਜਾਂਦਾ ਹੈ । ਚੰਗੀ ਸਿਆਸਤ ਦਾ ਹਿੱਸਾ ਬਣਨ ਲਈ ਬੇਹੱਦ ਜਰੂਰੀ ਹੈ ਕਿ ਆਪਣੀ  ਬਿਬੇਕ ਬੁੱਧ ਵਰਤੀ ਜਾਵੇ ।
ਜੇਕਰ ਗੱਲ ਕਰੀਏ ਕਿ ਵਿਦਿਆਰਥੀਆਂ ਦੀਆਂ ਯੂਨੀਵਰਸਿਟੀਆਂ, ਕਾਲਜਾਂ ਜਾਂ ਵਿੱਦਿਅਕ ਅਦਾਰਿਆਂ ਵਿੱਚ ਸਮੱਸਿਆਵਾਂ ਦੀਆਂ ਤਾਂ ਅੱਜ ਦਾ ਵਿਦਿਆਰਥੀ ਏਨਾ ਕੁ ਸਿਆਣਾ ਹੈ ਕਿ ਉਹ ਖੁਦ ਅਜਿਹੀਆਂ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹਨ।ਅੱਜ ਦਾ ਵਿਦਿਆਰਥੀ ਤਰਕ ਨਾਲ ਸੋਚਦਾ ਹੈ 'ਤੇ ਨਵੀਆਂ ਪਿਰਤਾਂ ਪਾਉਣ ਦੀ ਸਮਰੱਥਾ ਵੀ ਰੱਖਦਾ ਹੈ , ਉਹ ਸਿਆਸੀ ਆਗੂਆਂ ਦੇ ਵਿਹਕਾਵੇ ਨੂੰ ਵੀ ਜਾਣਦਾ ਹੈ ਪਰ , ਅਫਸੋਸ ਕਿ ਵਿਦਿਆਰਥੀ ਵਰਗ ਅੱਜ ਵੀ ਕਿਸੇ ਵੱਡੇ ਸਿਆਸੀ ਆਗੂ ਦੇ ਥੱਲੇ ਰਹਿ ਕਿ ਹੀ ਕੰਮ ਕਰਦਾ ਹੈ ਨਾ ਕਿ ਖੁਦ ਵੱਡਾ ਆਗੂ ਬਣਨ ਵੱਲ ਨੂੰ ਵਧਦਾ ਹੈ । ਪਿਛਲੇ ਦੋ ਕੁ ਦਹਾਕਿਆਂ ਤੋਂ ਚੰਗਾ ਵਿਦਿਆਰਥੀ ਨੇਤਾ ਸਾਹਮਣੇ ਆ ਹੀ ਨਹੀਂ ਰਿਹਾ ਜੋ ਨੌਜੁਆਨੀ ਨੂੰ ਯੋਗ ਅਗਵਾਈ ਦੇਣ ਦੀ ਸਮਰੱਥਾ ਰੱਖਦਾ ਹੋਵੇ।
ਨੌਜਵਾਨ ਆਗੂ ਆਪਣੇ ਅੰਦਰ ਇਤਿਹਾਸ ਤੋਂ ਜਾਣੂ ਹੋਣ ਦਾ ਹੁਨਰ ਪੈਦਾ ਕਰੇ , ਰਾਜਨੀਤੀ ਵਿਗਿਆਨ ਪੜ੍ਹੇ ਕਿਉਕੀ ਸਾਡੇ ਪੰਜਾਬ ਵਿੱਚ ਕੋਈ ਵੀ 'ਰਾਜਨੀਤੀ ਵਿਗਿਆਨ' ਦਾ ਕਾਲਜ਼ ਹੀ ਨਹੀਂ ਹੈ । ਇਸੇ ਕਰਕੇ ਅਸੀਂ ਹਰ ਵਾਰ ਆਟਾ-ਦਾਲ ਸਕੀਮਾਂ 'ਚ ਫਸ ਕੇ ਵੋਟਾਂ ਪਾ ਦਿੰਦੇ ਹਾਂ । ਅੱਜ ਸਮੇਂ ਦੀ ਮੰਗ ਹੈ ਕਿ ਵਿਦਿਆਰਥੀ ਵਰਗ ਸਿਆਸਤ 'ਚ ਆਵੇ ਜੋ ਧਰਮ-ਨਿਰਪੱਖ ਸੋਚ ਰੱਖਦਾ ਹੋਵੇ ।ਇਸੇ ਲਈ ਵਿੱਦਿਆ ਅਤੇ ਚੰਗੀ ਸਿਆਸਤ ਦਾ ਤਾਲਮੇਲ ਹੋਣਾ ਵੀ ਜਰੂਰੀ ਹੈ।ਹਰ ਵਿਦਿਆਰਥੀ ਨੂੰ ਸੁਚੇਤ ਰਹਿ ਕੇ ਹੀ ਸਿਆਸਤ 'ਚ ਉਤਰਨਾ ਚਾਹੀਦਾ ਹੈ ।ਚੰਗੇ ਕੰਮਾਂ ਲਈ ਹਰ ਥਾਂ ਤੋਂ ਅਵਾਜ਼ ਚੁੱਕਣੀ ਚਾਹੀਦੀ ਹੈ ।ਇੱਥੇ ਵਿਦਿਆਰਥੀ ਵਰਗ ਇਸ ਗੱਲ ਦਾ ਵੀ ਧਿਆਨ ਰੱਖੇ ਕਿ ਫੋਕੀਆਂ ਪ੍ਰਧਾਨਗੀਆਂ ਦੇ ਚੱਕਰ 'ਚ ਸਿਆਸੀ ਲੋਕਾਂ ਦੇ ਗੁਲਾਮ ਨਾ ਬਣ ਕਿ ਚੰਗੇ ਕੰਮਾਂ ਨਾਲ ਆਗੂ ਬਣੋ ।ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ ਤੇ ਸਮਾਜ ਵੀ ਤੁਹਾਨੂੰ ਬਹੁਤ ਪਿਆਰ ਕਰੇਗਾ ।ਧਿਆਨ ਰੱਖਿਓ ਕਿ ਤੁਸੀਂ ਸਿਆਸਤ ਤੋਂ ਗਿਆਨ ਰਹਿਤ ਰਹਿ ਕੇ ਜਾਂ ਅਲਪ-ਗਿਆਨ ਵਿੱਚ ਕਿਸੇ ਵੀ ਸਮਾਜ ਦਾ ਭਲਾ ਨਹੀਂ ਕਰ ਸਕੋਗੇ। ਇਸ ਲਈ ਸਭ ਤੋਂ ਪਹਿਲਾਂ ਇਹ ਵੀ ਜਰੂਰੀ ਹੈ ਕਿ ਚੰਗੀ ਵਿੱਦਿਆ ਹਾਸਲ ਕੀਤੀ ਜਾਵੇ ਤਾਂ ਜੋ ਉਸਾਰੂ ਸਿਆਸਤ ਦੇ ਤੁਸੀਂ ਆਗੂ ਬਣਕੇ ਵਿਚਰ ਸਕੋ।
ਚੰਗਾ ਆਗੂ ਉਹ ਹੀ ਬਣ ਸਕੇਗਾ ਜੋ ਚੰਗਾ ਧਰਮੀ ਹੈ, ਕਿਉਕੀ ਜੇਕਰ ਨੇਤਾ ਧਰਮੀ ਹੀ ਨਹੀਂ ਹੈ ਤਾਂ ਉਹ ਜਨਤਾ ਨੂੰ ਲੁੱਟੇਗਾ ਵੀ ਤੇ ਕੁੱਟੇਗਾ ਵੀ , ਇਹ ਕੁਝ ਪੰਜਾਬ ਪਿਛਲੇ ਲੱਗਭੱਗ ਸੌ ਸਾਲਾਂ ਤੋਂ ਲਗਾਤਾਰ ਭੁਗਤਦਾ ਆ ਰਿਹਾ ਹੈ। ਸੋ ਵਿਦਿਆਰਥੀ ਵਰਗ ਦਾ ਫਰਜ਼ ਬਣਦਾ ਹੈ ਕਿ ਉਹ ਚੰਗਾ ਸਿਆਸੀ ਬਣੇ ।ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਦਾ ਵਿਦਿਆਰਥੀ ਹੀ ਕੱਲ ਦਾ ਨੇਤਾ ਹੈ । ਸਿਆਣੇ ਆਖਦੇ ਹਨ ਕਿ ਜੇ ਤੁਸੀ ਚੰਗੇ ਸਿਆਸੀ ਨਹੀਂ ਤਾਂ ਫਿਰ ਤੁਸੀ ਮੰਨ ਲਓ ਕਿ ਉਹਾਡੇ ਉੱਪਰ ਮੂਰਖ ਲੋਕ ਰਾਜ ਕਰ ਰਹੇ ਹਨ । ਜੋ ਕਿ ਅੱਜ ਦਿਸ ਰਿਹਾ ਹੈ ।ਮਾੜਾ ਬੁਰਿਆਈ ਦਾ ਵੱਧ ਜਾਣਾ ਨਹੀਂ ਹੁੰਦਾ, ਸਗੋਂ ਮਾੜਾ ਹੁੰਦਾ ਹੈ ਚੰਗਿਆਈ ਦਾ ਚੁੱਪ ਕਰ ਜਾਣਾ । ਅੱਜ ਹਰ ਚੰਗਾ ਬੰਦਾਂ ਇਹ ਕਹਿ ਕੇ ਚੁੱਪ ਕਰੀ ਬੈਠਾ ਹੈ ਕਿ ' ਮੈਂ ਕੀ ਲੈਣਾ ਹੈ'।ਵਿਦਿਆਰਥੀਓ ! ਇਸ ਚੁੱਪੀ ਨੂੰ ਤੁਸੀਂ ਆਪ ਵੀ ਤੋੜਣਾ ਹੈ 'ਤੇ ਦੂਸਰਿਆਂ ਨੂੰ ਵੀ ਇਸ ਚੁੱਪੀ ਨੂੰ ਤੋੜਣ ਲਈ ਪ੍ਰੇਰਣਾ ਹੈ । ਇਸ ਲਈ ਸਾਨੂੰ ਸਭ ਨੂੰ ਚੰਗੇ ਸਿਆਸੀ ਬਣਨਾ ਪਵੇਗਾ ਤਾਂ ਕਿ ਚੰਗਾ 'ਤੇ ਨਰੋਇਆ ਸਮਾਜ ਸਿਰਜਿਆ ਜਾ ਸਕੇ। ਗੁਰੂ ਮੇਹਰ ਕਰੇ।

Share this post