ਸੰਪਾਦਕੀ
ਨਵਾਂ ਸਾਲ ਕਿਵੇਂ ਮਨਾਈਏ..?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਨਵੀਂ ਸਵੇਰ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ। ਜੇਕਰ ਸਿੱਖ ਪੰਥ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਸ਼ਾਇਦ ਹੀ ਸਿੱਖ ਪੰਥ ਨੇ ਇਸ ਨਵੇਂ ਵਰ੍ਹੇ ਨੂੰ ਮੁਬਾਰਕਬਾਦ ਆਖਿਆ ਹੋਵੇ। ਅੱਜ ਕਰੀਬ-ਕਰੀਬ ਦੋ ਸੌ ਸਾਲ ਬੀਤ ਚੁੱਕਿਆ ਹੈ, ਕਿ ਅਸੀਂ ਆਪਣੀਆਂ ਪੁਰਾਤਨ ਮਰਿਯਾਦਾਵਾਂ ਦਾ ਕੱਟੜਤਾ ਦੇ ਨਾਮ ਥੱਲੇ ਲਗਭਗ ਗਲਾ ਘੋਟ ਚੁੱਕੇ ਹਾਂ। ਜਦਕਿ ਇਨ੍ਹਾਂ ਮਰਿਯਾਦਾਵਾਂ ਦਾ ਸਿੱਧੋ-ਸਿੱਧੀ ਸਬੰਧ ਅਨੁਸਾਸ਼ਨ ਨਾਲ ਸੀ। ਅਨੁਸਾਸ਼ਨ ਵਿੱਚ ਹੀ ਸਾਰੇ ਗ੍ਰਹਿ ਚੱਲਦੇ ਹਨ ਤਾਂ ਹੀ ਦਿਨ-ਰਾਤ ਦੇ ਗੇੜ ਨੇ ਕੁਦਰਤ ਨੂੰ ਰਵਾਨੀ ਦਿੱਤੀ ਹੋਈ ਹੈ। ਅੱਜ 1 ਚੇਤ ਹੈ ਜੋ ਕਿ ਸਿੱਖ ਪੰਥ ਲਈ ਨਵੇਂ ਸਾਲ ਦੀ ਸ਼ੁਰੂਆਤ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਂ ਮਹਾਂ ਆਉਂਦੀਆਂ ਹਨ। ਜਿਨ੍ਹਾਂ ਦੀ ਸ਼ੁਰੂਆਤ ਚੇਤ ਤੋਂ ਹੀ ਹੁੰਦੀ ਹੈ। ਇਸ ਨੂੰ ਅਸੀਂ ਸੰਗਰਾਂਦ ਦੇ ਰੂਪ ਵਿੱਚ ਵੀ ਮਨਾ ਕੇ ਆਪਣੇ ਆਉਣ ਵਾਲੇ ਨਵੇਂ ਮਹੀਨੇ ਲਈ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦੇ ਹਾਂ।
ਸਾਨੂੰ ਅੱਜ ਸਮਝਣਾ ਪਵੇਗਾ ਕਿ ਅਸੀਂ ਇਸ ਵਰ੍ਹੇ ਨੂੰ ਕਿਸ ਤਰ੍ਹਾਂ ਮਨਾਉਣਾ ਹੈ? ਤੇ ਇਸ ਸਵਾਲ ਦਾ ਇੱਕੋ-ਇੱਕ ਜਵਾਬ ਹੈ ਕਿ ਕੁਦਰਤ ਦੇ ਨਿਯਮ ਮੁਤਾਬਿਕ, ਭਾਵ 'ਸਿੱਖਨੀਤੀ' ਰਾਹੀਂ। ਇਸ ਨੀਤੀ ਰਾਹੀਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਮੁੜ ਚੱਲ ਸਕਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਵਾਂ ਰਾਹ ”ਸਿੱਖ ਪੰਥ” ਦੇ ਰੂਪ ਵਿੱਚ ਬਖਸ਼ਿਆ ਹੈ। ਜਿਸ ਵਿੱਚ ਸਮੁੱਚੀ ਮਨੁੱਖਤਾ ਏਕਤਾ ਦੇ ਪਸਾਰ ਹੇਠ ਸੁੱਖ ਨਾਲ ਰਹਿ ਸਕਦੀ ਹੈ। ਅਜੋਕੇ ਦੌਰ ਵਿੱਚ ਕਈ ਵੀਰ ਸਿੱਖ ਪੰਥ ਦੀਆਂ ਬਣੀਆਂ ਮਰਿਯਾਦਾਵਾਂ ਨੂੰ ਬ੍ਰਾਹਮਣਵਾਦ ਦਾ ਨਾਮ ਦੇ ਦਿੰਦੇ ਹਨ। ਅੱਜ ਅਸੀਂ ਕਰੋਨਾ ਵਾਇਰਸ ਦੇ ਡਰੋਂ ਆਪਣੇ ਮੂੰਹ ਢੱਕ ਰਹੇ ਹਾਂ, ਖੰਘਣ ਵੇਲੇ ਮੂੰਹ 'ਤੇ ਹੱਥ ਰੱਖ ਰਹੇ ਹਾਂ, ਜੂਠ ਤੋਂ ਬਚ ਰਹੇ ਹਾਂ ਜਾਂ ਆਸ-ਪਾਸ ਕਿਸੇ ਸੱਜਣ ਨਾਲ ਹੱਥ ਮਿਲਾਉਣ ਤੋਂ ਵੀ ਗੁਰੇਜ ਕਰ ਰਹੇ ਹਾਂ। ਜੇਕਰ ਗੁਰਮਤਿ ਦੇ ਪਿਛੋਕੜ ਵਿੱਚ ਥੋੜੀ ਜਿਹੀ ਵੀ ਝਾਤ ਮਾਰੀਏ ਤਾਂ ਪੁਰਾਤਨ ਟਕਸਾਲਾਂ ਵਿੱਚ ਪ੍ਰਸ਼ਾਦਾ ਵੀ ਕੁਝ ਦੂਰੀ ਤੋਂ ਹੀ ਫੜਾਇਆ ਜਾਂਦਾ ਹੈ, ਪਾਠੀ ਸਿੰਘ ਅਕਸਰ ਮੂੰਹ ਢੱਕ ਕੇ ਪਾਠ ਕਰਦਾ ਹੈ, ਵਰਤਾਵਾ ਆਪਣੇ ਵਰਤਾਉਣ ਵਾਲੇ ਬਰਤਨ ਨੂੰ ਕਿਸੇ ਦੀ ਜੂਠੀ ਥਾਲੀ ਨਾਲ ਲੱਗਣ ਤੱਕ ਨਹੀਂ ਦਿੰਦਾ, ਪਾਣੀ ਵਾਲੀਆਂ ਥਾਵਾਂ ਨੂੰ ਵਾਰ-ਵਾਰ ਰੇਤੇ ਨਾਲ ਸਾਫ ਕੀਤਾ ਜਾਂਦਾ ਹੈ, ਹੱਥਾਂ ਨੂੰ ਵੀ ਵਾਰ-ਵਾਰ ਧੋਤਾ ਜਾਂਦਾ ਹੈ, ਇਹਨਾਂ ਸਭ ਕਿਰਿਆਵਾਂ ਨੂੰ ਕੁਝ ਅਸੋਝੀ ਵੀਰ ਬ੍ਰਾਹਮਣਵਾਦ ਦਾ ਨਾਮ ਦਿੰਦੇ ਸਨ ਪਰ, ਅੱਜ ਸਾਇੰਸ ਹੀ ਇਸ ਗੱਲ ਨੂੰ ਸਾਬਿਤ ਕਰਦੀ ਹੈ ਕਿ ਇਹ ਕੋਈ ਬ੍ਰਾਹਮਣਵਾਦ ਨਾ ਹੋ ਕੇ ਮਹਾਮਾਰੀਆਂ ਤੋਂ ਬਚਣ ਦਾ ਅਸਾਨ ਤਰੀਕਾ ਸੀ, ਹੈ ਤੇ ਰਹੇਗਾ। ਇਤਿਹਾਸ ਗਵਾਹ ਹੈ ਕਿ ਮਹਾਮਾਰੀਆਂ ਦੇ ਰੋਗੀਆਂ ਨੂੰ ਦਵਾਈ ਦਿੰਦੇ ਤੇ ਉਹਨਾਂ ਦੀ ਸੇਵਾ ਕਰਦੇ ਸਾਡੇ ਗੁਰੂ ਵੀ ਛੋਟੀ ਉਮਰੇ ਇਸ ਜਹਾਨ ਤੋਂ ਰੁਖਸਤ ਹੋਏ ਹਨ। ਸਤਵੇਂ ਪਾਤਸ਼ਾਹ ਜੀ ਨੇ ਤਾਂ 52 ਬਾਗ ਲਾ ਕੇ ਵਾਤਾਵਰਣ ਦੀ ਸੰਭਾਲ ਦਾ ਸੁਚੱਝਾ ਸੁਨੇਹਾ ਮਨੁੱਖਤਾ ਦੀ ਝੋਲੀ ਪਾਇਆ ਸੀ। ਅੱਜ ਨਵੇਂ ਸਾਲ 'ਤੇ ਅਸੀਂ ਇਹਨਾਂ ਪੂਰਨਿਆਂ ਤੇ ਚੱਲਦੇ ਹੋਏ ਨਵੇਂ ਦਰਖੱਤ ਵੀ ਲਾ ਸਕਦੇ ਹਾਂ।
ਜੇਕਰ ਅੱਜ ਨਵੇਂ ਸਾਲ 'ਤੇ ਰਾਜਨੀਤੀ ਦੇ ਚਿੱਕੜ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਂ ਨੇ ਸਾਨੂੰ 'ਸਿੱਖਨੀਤੀ' ਦਿੱਤੀ ਸੀ, ਨਾ ਕਿ ਰਾਜਨੀਤੀ। ਅੱਜ ਦੇ ਦਿਨ ਅਸੀਂ 'ਸਿੱਖਨੀਤੀ' ਨੂੰ ਅਪਣਾਉਣ ਦੀ ਪਹਿਲ ਕਰ ਸਕਦੇ ਹਾਂ। ਨਵੇਂ ਸਾਲ 'ਤੇ ਨਵੇਂ ਸੁਨੇਹੇ ਜਰੂਰ ਦੇਣੇ ਚਾਹੀਦੇ ਸਨ ਤਾਂ ਕਿ ਨਵੀਆਂ ਰਾਹਾਂ 'ਤੇ ਚੱਲ ਕੇ ਸਿੱਖ ਪੰਥ ਦੀਆਂ ਪੁਰਾਤਨ ਮਰਿਯਾਦਾਵਾਂ ਨੂੰ ਰੋਸ਼ਨ ਕੀਤਾ ਜਾ ਸਕੇ।
ਨਵੇਂ ਸਾਲ ਦੇ ਸੰਦਰਭ ਵਿੱਚ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿਖੇ ਵੀ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ ਗਿਆ। ਜੋ ਕਿ ਮੂਲ ਤੋਂ ਕਾਫੀ ਦੂਰ ਹੈ। ਸਾਨੂੰ ਯਾਦ ਹੈ ਕਿ 2003 ਤੋਂ ਪਹਿਲਾਂ ਕਦੀ ਵੀ ਕਲੰਡਰ ਨੂੰ ਲੈ ਕੇ ਜਾਂ ਗੁਰੂਆਂ ਦੇ ਗੁਰਪੁਰਬਾਂ ਨੂੰ ਲੈ ਕੇ ਕੋਈ ਵੀ ਦੁਬਿਧਾ ਪੰਥ ਵਿੱਚ ਨਹੀਂ ਸੀ ਪਰ, ਜਦੋਂ ਤੋਂ ਮਿਲਗੋਬਾ ਕਲੰਡਰ ਸਿੱਖ ਪੰਥ ਦੀ ਝੋਲੀ, ਸੰਘ ਦੀ ਰਖੇਲ ਸ਼੍ਰੋਮਣੀ ਕਮੇਟੀ ਨੇ ਪਾਇਆ ਹੈ ਉਦੋਂ ਤੋਂ ਹੀ ਸਿੱਖ ਪੰਥ ਦੇ ਅਸਿੱਧੇ ਰੂਪ ਵਿੱਚ ਦੋ ਟੋਟੇ ਹੋ ਗਏ ਹਨ। ਇਕ ਹਿੱਸਾ ਕਹਿੰਦਾ ਹੈ ਕਿ ਪੁਰਾਤਨ ਕਲੰਡਰ ਜੋ ਕਿ ਚੰਦਰਮਾ ਮੁਤਾਬਿਕ ਹੈ ਉਹ ਹਿੰਦੂਮੱਤ ਦਾ ਹੈ ਤੇ ਦੂਸਰਾ ਸੂਰਜੀ ਕਲੰਡਰ (ਗਰੈਗੋਰੀਅਨ) ਈਸਾਈਮੱਤ ਦਾ ਹੈ। ਹੁਣ ਜਾਂ ਤਾਂ ਸਿੱਖ ਪੰਥ ਆਪਣਾ ਨਵਾਂ ਗ੍ਰਹਿ ਤਿਆਰ ਕਰਨ ਜਾਂ ਫਿਰ ਪੁਰਾਤਨ ਮੁਤਾਬਕ ਜਿਸ ਅਨੁਸਾਰ ਗੁਰਬਾਣੀ ਦੀ ਰਚਨਾ ਹੋਈ ਹੈ ਉਸ ਨੂੰ ਮੰਨ ਲੈਣ। ਸਾਡੇ ਨਾਲੋਂ ਤਾਂ ਮੁਸਲਮਾਨ ਵੀਰ ਹੀ ਚੰਗੇ ਹਨ ਜਿਨ੍ਹਾਂ ਦਾ ਹਿਜ਼ਰੀ ਕਲੰਡਰ ਵੀ ਚੰਦਰਮਾ ਮੁਤਾਬਕ ਹੈ। ਉਹਨਾਂ ਦੀ ਈਦ ਵੀ ਅੱਗੇ ਪਿੱਛੇ ਆਉਂਦੀ ਹੈ ਪਰ, ਉਹਨਾਂ ਵਿਚਕਾਰ ਕਦੀ ਕੋਈ ਰੌਲਾ ਨਹੀਂ ਪਿਆ। ਆਓ! ਅੱਜ ਨਵੇਂ ਸਾਲ 'ਤੇ 'ਸਿੱਖਨੀਤੀ' ਰਾਹੀਂ ਉਹਨਾਂ ਪੁਰਾਤਨ ਮਰਿਯਾਦਾਵਾਂ ਤੇ ਪਹਿਰਾ ਦਈਏ, ਜੋ ਗੁਰੂ ਸਾਹਿਬਾਨਾਂ ਤੇ ਸਾਡੇ ਪੁਰਖਿਆਂ ਨੇ ਬਣਾਈਆਂ ਸਨ ਕਿਉਂਕਿ ਅਖੀਰ ਵਿੱਚ ਅਸੀਂ ਉੱਥੇ ਹੀ ਪਰਤਨਾ ਹੈ ਜੋ ਸੱਚ ਹੈ। ਇਸ ਗੱਲ ਨੂੰ ਕਰੋਨਾ ਵਾਇਰਸ ਦਾ ਡਰ ਗਵਾਹੀ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਅੱਜ ਇਕੱਲਾ ਸਿੱਖ ਹੀ ਨਹੀਂ ਪੂਰੀ ਦੁਨੀਆ ਹੀ ਸਿੱਖ ਪੰਥ ਦੀ ਪੁਰਾਤਨ ਮਰਿਯਾਦਾ ਅਨੁਸਾਰ ਆਪਣੇ ਹੱਥ-ਪੈਰ ਵੀ ਧੋ ਰਹੀ ਹੈ ਤੇ ਕੁਦਰਤੀ ਖਾਣਾ ਖਾਣ ਵਿੱਚ ਵੀ ਵਿਸ਼ਵਾਸ ਰੱਖ ਰਹੀ ਹੈ। ਚੰਗੇ ਇਨਸਾਨ ਉਹ ਹੀ ਹੁੰਦੇ ਹਨ ਜੋ ਸੱਚ ਨੂੰ ਅੱਖੀਂ ਦੇਖ ਕੇ ਉਸ ਨਾਲ ਤੁਰ ਪੈਂਦੇ ਹਨ। ਆਓ! ਆਪਾਂ ਵੀ ਤੁਰੀਏ। ਗੁਰੂ ਮੇਹਰ ਕਰੇ।