ਕੇਂਦਰ ਨੇ ਕਿਸਾਨਾਂ ਨਾਲ 22 ਫਰਵਰੀ ਨੂੰ ਮੁੜ ਰੱਖੀ ਮੀਟਿੰਗ, ਖੇਤੀ ਮੰਤਰਾਲੇ ਨੇ ਕਿਸਾਨ ਆਗੂਆਂ ਨੂੰ ਭੇਜਿਆ ਸੱਦਾ
ਕੇਂਦਰ ਨੇ ਕਿਸਾਨਾਂ ਨਾਲ 22 ਫਰਵਰੀ ਨੂੰ ਮੁੜ ਰੱਖੀ ਮੀਟਿੰਗ, ਖੇਤੀ ਮੰਤਰਾਲੇ ਨੇ ਕਿਸਾਨ ਆਗੂਆਂ ਨੂੰ ਭੇਜਿਆ ਸੱਦਾ
20 ਫਰਵਰੀ:- ਫ਼ਸਲਾਂ ਦੇ ਐੱਮਐੱਸਪੀ ਦੀ ਗਰੰਟੀ ਤੇ ਹੋਰ ਕਿਸਾਨੀ ਮੰਗਾਂ ਦੇ ਮੁੱਦੇ ’ਤੇ ਰੇੜਕਾ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ 22 ਫਰਵਰੀ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਸੈਕਟਰ 26 ਵਿਖੇ ਸ਼ਾਮ 6 ਵਜੇ ਮੁੜ ਮੀਟਿੰਗ ਤੈਅ ਕੀਤੀ ਹੈ। ਇਸ ਮੀਟਿੰਗ ਸਬੰਧੀ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਸਾਨ ਆਗੂਆਂ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੂੰ ਸੱਦਾ ਭੇਜਿਆ ਗਿਆ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ ਦੇ ਦੂਜੇ ਆਗੂ ਸ਼ਾਮਲ ਹੋਣਗੇ ਜਾਂ ਨਹੀਂ। ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰਾਲੇ ਨੇ ਜਾਰੀ ਚਿੱਠੀ ’ਚ ਪੰਜਾਬ ਸਰਕਾਰ ਦੇ ਮੰਤਰੀਆਂ, ਅਧਿਕਾਰੀਆਂ ਤੇ ਕਿਸਾਨ ਆਗੂਆਂ ਨੂੰ ਆਪਣੀ ਹਾਜ਼ਰੀ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਮੀਟਿੰਗ ਹੋਈ ਸੀ। ਮੀਟਿੰਗ ’ਚ ਕਿਸਾਨ ਆਗੂਆਂ ਖ਼ਾਸ ਕਰਕੇ ਜਗਜੀਤ ਡੱਲੇਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਸਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 86 ਦਿਨਾਂ ਤੋਂ ਭੁੱਖ ਹੜ਼ਤਾਲ ’ਤੇ ਬੈਠੇ ਹਨ।