ਅਮਰੀਕਾ ਤੋਂ ਡਿਪੋਰਟ ਹੋ ਰਹੇ ਪੰਜਾਬੀਆਂ ਦੇ ਮੁੱਦੇ ’ਤੇ ਬੋਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਅਮਰੀਕਾ ਤੋਂ ਡਿਪੋਰਟ ਹੋ ਰਹੇ ਪੰਜਾਬੀਆਂ ਦੇ ਮੁੱਦੇ ’ਤੇ ਬੋਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
18 ਫਰਵਰੀ:- ਪ੍ਰਵਾਸੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਡਿਪੋਰਟ ਹੋ ਰਹੇ ਪੰਜਾਬੀਆਂ ਦੇ ਮੁੱਦੇ ’ਤੇ ਬੋਲਦੇ ਕਿਹਾ ਕਿ ਅਮਰੀਕਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਕਰ ਸਕੇ। ਬੀਤੇ ਦਿਨ ਡਿਪੋਰਟ ਹੋਏ ਵਿਅਕਤੀਆਂ ਵੱਲੋਂ ਇਹ ਦੱਸੇ ਜਾਣ ਕੇ ਜਹਾਜ਼ ਵਿਚ ਚੜਣ ਮੌਕੇ ਅਮਰੀਕਾ ਪੁਲਿਸ ਦੇ ਉਨ੍ਹਾਂ ਦੀਆਂ ਪੱਗਾਂ ਵੀ ਲੁਹਾ ਲਈਆਂ ਤੇ ਹੱਥ ਘੜੀਆਂ ਤੇ ਬੇੜੀਆਂ ’ਚ ਜਕੜ ਕੇ ਲਿਆਂਦਾ ਬਾਰੇ ਬੋਲਦੇ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਵੱਲੋਂ ਇਨ੍ਹਾਂ ਵਿਅਕਤੀਆਂ ’ਤੇ ਕੀਤਾ ਜਾ ਰਿਹਾ ਇਹ ਗ਼ੈਰ-ਮਨੁੱਖੀ ਤਸ਼ੱਦਦ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਨਰਿੰਦਰ ਮੋਦੀ ਜੋ ਕਿ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਕੇ ਆਏ ਹਨ, ਉਨ੍ਹਾਂ ਨੇ ਉੱਥੇ ਰਹਿ ਰਹੇ ਭਾਰਤੀਆਂ ਦੇ ਮੁੱਦੇ ਉੱਤੇ ਟਰੰਪ ਨਾਲ ਗੱਲ ਤੱਕ ਨਹੀਂ ਕੀਤੀ, ਜਦ ਕਿ ਉਹ ਟਰੰਪ ਨੂੰ ਆਪਣਾ ਜਿਗਰੀ ਦੋਸਤ ਦੱਸਦੇ ਹਨ। ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਫੇਲ੍ਹ ਸਾਬਤ ਹੋਈ ਹੈ ਤੇ ਸਾਡੇ ਵੱਲੋਂ ਲਗਾਤਾਰ ਇਹ ਮੁੱਦਾ ਉਠਾਉਣ ਅਤੇ ਮੀਡੀਏ ਵਿਚ ਆਈਆਂ ਖ਼ਬਰਾਂ ਨੂੰ ਅਣਸੁਣਾ ਕਰਦੇ ਹੋਏ ਕੇਂਦਰ ਸਰਕਾਰ ਦਾ ਵਿਦੇਸ਼ ਵਿਭਾਗ ਅਮਰੀਕਾ ਕੋਲ ਆਪਣੇ ਦੇਸ਼ ਵਾਸੀਆਂ ਦੇ ਮੁੱਦੇ ’ਤੇ ਗੱਲ ਹੀ ਨਹੀਂ ਕਰ ਸਕਿਆ। ਇਹ ਗ਼ੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਵਿਅਕਤੀ ਜੇਕਰ ਵਾਪਸ ਲਿਆਉਣੇ ਹੀ ਪੈਂਦੇ ਸਨ ਤਾਂ ਇਨ੍ਹਾਂ ਨੂੰ ਭਾਰਤ ਸਰਕਾਰ ਆਪਣੇ ਜਹਾਜ਼ਾਂ ’ਤੇ ਵੀ ਲਿਆ ਸਕਦੀ ਸੀ ਨਾ ਕਿ ਅਮਰੀਕਾ ਦੇ ਫ਼ੌਜੀ ਜਹਾਜ਼ਾਂ ਰਾਹੀਂ ਡਿਪੋਰਟ ਕਰਕੇ ਦੇਸ਼ ਵਿਚ ਦਹਿਸ਼ਤ ਪਾਉਣ ਦੀ ਕੋਈ ਲੋੜ ਸੀ।