ਸੱਜਣ ਕੁਮਾਰ ਖ਼ਿਲਾਫ਼ ਕੇਸ ਲੜ ਰਹੇ ਵਕੀਲ ਐੱਚ. ਐੱਸ. ਫੂਲਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ
ਸੱਜਣ ਕੁਮਾਰ ਖ਼ਿਲਾਫ਼ ਕੇਸ ਲੜ ਰਹੇ ਵਕੀਲ ਐੱਚ. ਐੱਸ. ਫੂਲਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ
ਅੰਮ੍ਰਿਤਸਰ, 13 ਫਰਵਰੀ:- ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਨਸਲਕੁਸ਼ੀ ਦੇ ਇਕ ਹੋਰ ਕੇਸ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਦੀ ਸਜ਼ਾ ’ਤੇ ਬਹਿਸ 18 ਫ਼ਰਵਰੀ ਨੂੰ ਹੋਵੇਗੀ। ਸੱਜਣ ਕੁਮਾਰ ’ਤੇ ਹਾਲੇ ਦੋ ਹੋਰ ਕੇਸ ਚਲ ਰਹੇ ਹਨ। ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਲੜ ਰਹੇ ਵਕੀਲ ਐੱਚ. ਐੱਸ. ਫੂਲਕਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਤੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਐੱਚ. ਐੱਸ. ਫੂਲਕਾ ਤੇ ਉਹਨਾਂ ਦੇ ਪਰਿਵਾਰ ਨੂੰ ਸੂਚਨਾ ਕੇਂਦਰ ਵਿਖੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹਾ ਕਿ ਸੱਜਣ ਕੁਮਾਰ ਪਹਿਲੇ ਕੇਸ ਦੇ ਵਿੱਚ 6 ਸਾਲਾਂ ਤੋਂ ਜੇਲ ਦੇ ਵਿੱਚ ਹੈ। ਅਤੇ ਹੁਣ ਇੱਕ ਵਾਰ ਫਿਰ ਦੋ ਸਿੱਖਾਂ ਦੇ ਕਤਲ ਦੇ ਕੇਸ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 18 ਫ਼ਰਵਰੀ ਨੂੰ ਇਸ ਮਾਮਲੇ ਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਜਾਵੇਗੀ। ਅਤੇ ਇਸ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਮਾਨਯੋਗ ਅਦਾਲਤ ਇਸ ਨੂੰ ਫਾਂਸੀ ਦੀ ਸਜ਼ਾ ਸੁਣਾਉਣਗੇ ਕਿਉਂਕਿ ਸੱਜਣ ਕੁਮਾਰ ਬਹੁਤ ਵੱਡੇ ਕਤਲ ਕਾਂਡ ਦਾ ਹਿੱਸਾ ਹੈ। ਸੱਜਣ ਕੁਮਾਰ ਦੇ ਹਲਕੇ ਵਿੱਚ 700 ਦੇ ਕਰੀਬ ਕਤਲ ਹੋਏ ਸਨ। ਜਿਸ ਕੇਸ ਵਿੱਚ ਅੱਜ ਉਹਨਾਂ ਨੂੰ ਸਫ਼ਲਤਾ ਮਿਲੀ ਹੈ ਉਸ ਦੇ ਲਈ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਏ ਹਨ।