ਬੰਬ ਬਲਾਸਟ ਤੋਂ ਬਾਅਦ ਸਰਹੱਦ ਤੇ ਅਲਰਟ,ਬੀਐੱਸਐੱਫ ਜਵਾਨਾਂ ਸਰਹੱਦ ਤੇ ਵਧਾਈ ਚੌਕਸੀ
ਬੰਬ ਬਲਾਸਟ ਤੋਂ ਬਾਅਦ ਸਰਹੱਦ ਤੇ ਅਲਰਟ,ਬੀਐੱਸਐੱਫ ਜਵਾਨਾਂ ਸਰਹੱਦ ਤੇ ਵਧਾਈ ਚੌਕਸੀ
ਗੁਰਪ੍ਰੀਤ ਸਿੰਘ /ਕਾਦੀਆਂ 11 ਅਪ੍ਰੈਲ :- ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ 58 ਬਟਾਲੀਅਨ ਦੀ ਬੀਓਪੀ ਚੌਂਤਰਾ ਦੇ ਏਰੀਏ ’ਚ ਕੰਡਿਆਲੀ ਤਾਰ ਤੋਂ ਪਾਰ ਦੇਸ਼ ਵਿਰੋਧੀ ਅਨਸਰਾਂ ਵੱਲੋਂ ਲਾਈ ਗਈ ਮਾਈਨਜ਼ ’ਚੋਂ ਇਕ ਬੰਬ ’ਤੇ ਬੀਐੱਸਐੱਫ ਦੇ ਜਵਾਨ ਦਾ ਪੈਰ ਆਉਣ ਕਾਰਨ ਹੋਏ ਧਮਾਕੇ ’ਚ ਬੀਐੱਸਐੱਫ ਦਾ ਜਵਾਨ ਸੋਹਣ ਸਿੰਘ ਜ਼ਖ਼ਮੀ ਹੋ ਗਿਆ ਸੀ। ਉਥੇ ਕੰਡਿਆਲੀ ਤਾਰ ਤੋਂ ਪਾਰ ਹੋਏ ਬੰਬ ਧਮਾਕੇ ਕਾਰਨ ਬੀਐੱਸਐੱਫ ਵੱਲੋਂ ਪੰਜਾਬ ਭਾਰਤ ਦੀ ਕੌਮਾਂਤਰੀ ਸਰਹੱਦ ਤੋਂ ਇਲਾਵਾ ਜੰਮੂ-ਕਸ਼ਮੀਰ ਤੋਂ ਇਲਾਵਾ ਦੇਸ਼ ਦੀ ਸਮੁੱਚੀ ਸਰਹੱਦ ਤੇ ਰੈੱਡ ਅਲਰਟ ਜਾਰੀ ਕਰਨ ਮਗਰੋਂ ਵੀਰਵਾਰ ਨੂੰ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ’ਤੇ ਵੀ ਬੀਐੱਸਐੱਫ ਵੱਲੋਂ ਚੌਕਸੀ ਵਧਾਉਂਦਿਆਂ ਸਰਹੱਦ ਤੇ ਖੋਜੀ ਕੁੱਤਿਆਂ ਤੋਂ ਇਲਾਵਾ ਵੱਖ-ਵੱਖ ਟੀਮਾਂ ਸਮੇਤ ਸਰਹੱਦ ਨਾਲ-ਨਾਲ ਪੈਂਦੇ ਏਰੀਏ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੇ ਬੀਐੱਸਐੱਫ ਦੀ 58 ਬਟਾਲੀਅਨ ਤੋਂ ਇਲਾਵਾ ਨਾਲ ਲੱਗਦੀਆਂ ਵੱਖ-ਵੱਖ ਬਟਾਲੀਅਨ ਦੇ ਅਧਿਕਾਰੀਆਂ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਪੱਕੀਆਂ ਕਣਕਾਂ ਨੂੰ ਗੇਟਾਂ ਰਾਹੀਂ ਵੇਖਣ ਜਾਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੀ ਚੈਕਿੰਗ ਤੋਂ ਇਲਾਵਾ ਬੀਐੱਸਐੱਫ ਜਵਾਨਾਂ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਪੈਂਦੇ ਖੇਤਾਂ ’ਚ ਕੋਈ ਵੀ ਗ਼ੈਰ ਕਾਨੂੰਨੀ ਵਸਤੂ ਦਿਖਾਈ ਦੇਣ ’ਤੇ ਤੁਰੰਤ ਬੀਐੱਸਐੱਫ ਨੂੰ ਸੂਚਣਾ ਦੇਣ ਲਈ ਕਿਹਾ ਜਾ ਰਿਹਾ ਹੈ। ਸਰਹੱਦ ’ਤੇ ਵਧਾਈ ਚੌਕਸੀ ਕਾਰਨ ਕੰਡਿਆਲੀ ਤਾਰ ਤੋਂ ਪਾਰ ਪੱਕੀਆਂ ਕਣਕ ਦੀਆਂ ਫਸਲਾਂ ਦੀ ਕਟਾਈ ਨੂੰ ਲੈ ਕੇ ਕਿਸਾਨ ਵੀ ਚਿੰਤਤ ਦਿਖਾਈ ਦੇ ਰਹੇ ਹਨ, ਜਦਕਿ ਬੀਐੱਸਐੱਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਜਿੱਥੇ ਬੀਐੱਸਐੱਫ ਪੂਰੀ ਤਰ੍ਹਾਂ ਸਰਹੱਦ ’ਤੇ ਚੌਕਸ ਹੈ। ਉੱਥੇ ਦੇਸ਼ ਦਾ ਅੰਨਦਾਤਾ ਕਿਸਾਨ ਦੀ ਕਣਕ ਦੀ ਕਟਾਈ ਲਈ ਵੀ ਬੀਐੱਸਐੱਫ ਕਿਸਾਨਾਂ ਦਾ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ ਅਤੇ ਕਣਕ ਦੀ ਕਟਾਈ ਸ਼ੁਰੂ ਹੋਣ ’ਤੇ ਕਿਸਾਨਾਂ ਨਾਲ ਬੀਐੱਸਐੱਫ ਦੇ ਜਵਾਨ ਕਣਕ ਦੀ ਕਟਾਈ ’ਚ ਪੂਰਾ ਸਹਿਯੋਗ ਦੇਣਗੇ। ਬੁੱਧਵਾਰ ਦੀ ਰਾਤ ਬੀਐੱਸਐੱਫ ਦੀ ਬੀਓਪੀ ਚੌਤਰਾ ਦੇ ਏਰੀਏ ’ਚ ਕੰਡਿਆਲੀ ਤਾਰ ਤੋਂ ਪਾਰ ਤੇ ਭਾਰਤ-ਪਾਕਿਸਤਾਨ ਆਈਬੀ ਦੇ ਨਜ਼ਦੀਕ ਤਿੰਨ ਬੰਬਾਂ ਨੂੰ ਤਾਰਾਂ ਲਾ ਕੇ ਲਗਾਈ ਗਈ ਮਾਈਨਜ਼ ਬੀਐੱਸਐੱਫ ਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਲਈ ਵੱਡੀ ਚਿੰਤਾ ਬਣੀ ਹੋਈ ਹੈ। ਭਾਵੇਂ ਬੀਐੱਸਐੱਫ ਦੇ ਬਿਆਨਾਂ ਤਹਿਤ ਥਾਣਾ ਦੋਰਾਂਗਲਾ ’ਚ ਬੁੱਧਵਾਰ ਰਾਤ ਨੂੰ ਲਗਾਏ ਗਏ ਬੰਬ ਤੇ ਬੰਬ ਫੱਟਣ ਨਾਲ ਜ਼ਖ਼ਮੀ ਹੋਏ ਬੀਐੱਸਐੱਫ ਦੇ ਜਵਾਨ ਸੋਹਨ ਸਿੰਘ ਦਾ ਪੈਰ ਉੱਡ ਜਾਣ ’ਤੇ ਅਣਪਛਾਤਿਆਂ ’ਤੇ ਐੱਫਆਈਆਰ 29 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਬੀਐੱਸਐੱਫ ਦੇ ਸੂਤਰਾਂ ਨੇ ਦੱਸਿਆ ਕਿ ਇਹ ਬੰਬ ਪਾਕਿਸਤਾਨ ਵੱਲ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਲਗਾਏ ਗਏ ਹਨ। ਇਸ ਸਬੰਧੀ ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।ੳ