ਕੇਂਦਰ ’ਤੇ ਦਬਾਅ ਬਣਾਉਣ ਵਿੱਚ ਕਾਮਯਾਬੀ ਮਿਲੀ ਹੈ, ਇਸ ਸਮੇਂ ਮਰਨ ਵਰਤ ਖ਼ਤਮ ਕਰਨਾ ਠੀਕ ਨਹੀਂ: ਡੱਲੇਵਾਲ
ਕੇਂਦਰ ’ਤੇ ਦਬਾਅ ਬਣਾਉਣ ਵਿੱਚ ਕਾਮਯਾਬੀ ਮਿਲੀ ਹੈ, ਇਸ ਸਮੇਂ ਮਰਨ ਵਰਤ ਖ਼ਤਮ ਕਰਨਾ ਠੀਕ ਨਹੀਂ: ਡੱਲੇਵਾਲ
22 ਜਨਵਰੀ: ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਸਮੇਤ ਹੋਰ ਕਿਸਾਨਾਂ ਮੰਗਾਂ ਲਈ ਖਨੌਰੀ ਬਾਡਰ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਅੱਜ 58ਵਾਂ ਦਿਨ ਹੈ।ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ’ਤੇ ਮੰਗਲਵਾਰ ਨੂੰ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਲਾਹ ਲਈ ਧੰਨਵਾਦ। ਸਾਰੇ ਚਾਹੁੰਦੇ ਹਨ ਕਿ ਉਹ ਮਰਨ ਵਰਤ ਖ਼ਤਮ ਕਰ ਦੇਣ, ਪਰ ਉਨ੍ਹਾਂ ਦੇ ਲੰਬੇ ਮਰਨ ਵਰਤ, 121 ਕਿਸਾਨਾਂ ਦੀ ਭੁੱਖ ਹੜਤਾਲ ਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਬਦੌਲਤ ਪਿਛਲੇ ਸਾਲ ਫਰਵਰੀ ਤੋਂ ਬੰਦ ਕੇਂਦਰ ਨਾਲ ਗੱਲਬਾਤ ਦੇ ਰਸਤੇ ਦੁਬਾਰਾ ਖੁੱਲ੍ਹੇ ਹਨ। ਕੇਂਦਰ ਸਰਕਾਰ ’ਤੇ ਗੱਲਬਾਤ ਦਾ ਦਬਾਅ ਬਣਾਉਣ ’ਚ ਕਾਮਯਾਬੀ ਮਿਲੀ ਹੈ। ਹੁਣ ਜਦੋਂ ਕੇਂਦਰ ’ਤੇ ਦਬਾਅ ਬਣ ਰਿਹਾ ਹੈ, ਇਸ ਘੜੀ ਮਰਨ ਵਰਤ ਤੋੜ ਕੇ ਦਬਾਅ ਖ਼ਤਮ ਕਰਨਾ ਠੀਕ ਨਹੀਂ। ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਇੱਕਜੁਟਤਾ ਤੇ ਮਜ਼ਬੂਤੀ ਬਣਾਈ ਰੱਖਣ ਦੀ ਜ਼ਰੂਰਤ ਹੈ। ਡੱਲੇਵਾਲ ਨੇ ਕਿਹਾ ਕਿ ਉਹ 14 ਫਰਵਰੀ ਦੀ ਮੀਟਿੰਗ ’ਚ ਸ਼ਾਮਲ ਹੋ ਸਕਣਗੇ ਜਾਂ ਨਹੀਂ, ਇਹ ਤਾਂ ਉਨ੍ਹਾਂ ਦੀ ਸਿਹਤ ਤੇ ਸਮਾਂ ਹੀ ਦੱਸੇਗਾ ਪਰ ਮੀਟਿੰਗ ਲਈ ਤਿਆਰ ਹੋਣਾ ਜ਼ਰੂਰੀ ਹੈ। ਐੱਮਐੱਸਪੀ ਗਾਰੰਟੀ ਕਾਨੂੰਨ ਬਾਰੇ ਮਾਹਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਰਾਇ ਲਈ ਜਾਵੇਗੀ, ਤਾਂ ਜੋ ਬੈਠਕ ’ਚ ਅਸੀਂ ਆਪਣੀ ਗੱਲ ਪੂਰੀ ਮਜ਼ਬੂਤੀ ਤੇ ਤੱਥਾਂ ਨਾਲ ਰੱਖ ਸਕੀਏ, ਜਿਸ ਦੀ ਬਦੌਲਤ ਐੱਮਐੱਸਪੀ ਕਾਨੂੰਨ ਸਮੇਤ 12 ਹੋਰ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਣ।