ਬੈਰੀਕੇਡਾਂ ਨੇ ਰੋਕਿਆ ਕਿਸਾਨਾਂ ਦਾ ਦਿੱਲੀ ਕੂਚ, ਖਨੌਰੀ ਬਾਰਡਰ 'ਤੇ ਸੜਕ 'ਤੇ ਬੈਠੇ 51 ਕਿਸਾਨ

ਬੈਰੀਕੇਡਾਂ ਨੇ ਰੋਕਿਆ ਕਿਸਾਨਾਂ ਦਾ ਦਿੱਲੀ ਕੂਚ, ਖਨੌਰੀ ਬਾਰਡਰ 'ਤੇ ਸੜਕ 'ਤੇ ਬੈਠੇ 51 ਕਿਸਾਨ

ਖਨੌਰੀ, 17 ਅਗਸਤ

ਘੱਟੋ-ਘੱਟ ਸਮਰਥਨ ਮੁੱਲ (MSP), ਭਾਰਤ-ਅਮਰੀਕਾ ਟ੍ਰੇਡ ਡੀਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵੱਲ ਪੈਦਲ ਯਾਤਰਾ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ 'ਤੇ ਰੋਕ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ 'ਕਿਸਾਨ ਬਚਾਓ ਪੈਦਲ ਯਾਤਰਾ' ਨੂੰ ਰੋਕਣ ਲਈ ਪ੍ਰਸ਼ਾਸਨ ਨੇ ਬਾਰਡਰ 'ਤੇ ਸੀਮੈਂਟ ਦੇ ਬੈਰੀਕੇਡ, ਕੰਢਿਆਲੀ ਤਾਰਾਂ ਅਤੇ ਕੰਟੇਨਰ ਲਗਾ ਕੇ ਰਸਤਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਰਸਤਾ ਬੰਦ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਖਨੌਰੀ ਬਾਰਡਰ 'ਤੇ ਹੀ ਪੱਕਾ ਮੋਰਚਾ ਲਗਾ ਲਿਆ ਅਤੇ ਰਾਤ ਖੁੱਲ੍ਹੇ ਆਸਮਾਨ ਹੇਠ ਬਿਤਾਈ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਕੋਈ ਟਰੈਕਟਰ-ਟਰਾਲੀ ਸ਼ਾਮਲ ਨਹੀਂ ਸੀ। ਦਾਤਾ ਸਿੰਘ ਵਾਲਾ ਤੋਂ ਦਿੱਲੀ ਤੱਕ 228 ਕਿਲੋਮੀਟਰ ਦੀ ਯਾਤਰਾ ਲਈ 51 ਕਿਸਾਨ ਪੈਦਲ ਚੱਲ ਰਹੇ ਸਨ, ਜਦਕਿ ਕਰੀਬ 200 ਸਹਿਯੋਗੀ ਵੀ ਉਨ੍ਹਾਂ ਦੇ ਨਾਲ ਸਨ। ਯਾਤਰਾ ਦਾ 29 ਅਗਸਤ ਨੂੰ ਦਿੱਲੀ ਪਹੁੰਚ ਕੇ ਵੱਡੀ 'ਕਿਸਾਨ ਮਹਾਪੰਚਾਇਤ' ਵਿੱਚ ਬਦਲਣ ਦਾ ਪ੍ਰੋਗਰਾਮ ਸੀ। ਡੱਲੇਵਾਲ ਨੇ ਸਰਕਾਰ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਕਿਸਾਨ ਟਰੈਕਟਰਾਂ 'ਤੇ ਆਉਂਦੇ ਹਨ ਤਾਂ ਉਨ੍ਹਾਂ 'ਤੇ ਸੜਕਾਂ ਜਾਮ ਕਰਨ ਦੇ ਦੋਸ਼ ਲਗਾਏ ਜਾਂਦੇ ਹਨ, ਪਰ ਹੁਣ ਸਿਰਫ਼ 51 ਕਿਸਾਨਾਂ ਦੇ ਸ਼ਾਂਤਮਈ ਪੈਦਲ ਮਾਰਚ ਨੂੰ ਵੀ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸਰਕਾਰ ਦੀ ਨੀਅਤ ਸਪੱਸ਼ਟ ਹੋ ਗਈ ਹੈ। ਡੱਲੇਵਾਲ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੋਂ ਇਸ ਮਾਮਲੇ ਵਿੱਚ ਸੂਓ-ਮੋਟੋ ਨੋਟਿਸ ਲੈਣ ਦੀ ਅਪੀਲ ਕਰਦਿਆਂ ਸਵਾਲ ਕੀਤਾ ਕਿ ਦੇਸ਼ ਦੇ ਨਾਗਰਿਕਾਂ ਨੂੰ ਸ਼ਾਂਤਮਈ ਢੰਗ ਨਾਲ ਪੈਦਲ ਚੱਲਣ ਦੇ ਅਧਿਕਾਰ ਤੋਂ ਕਿਉਂ ਰੋਕਿਆ ਜਾ ਰਿਹਾ ਹੈ।

 

Ads

4
4

Share this post