ਪੰਜਾਬੀ ਵੈੱਬ ਸੀਰੀਜ਼ “ਕਰਮਾ ਅੱਪਲੋਡਿੰਗ” ਦੀ ਸ਼ੂਟਿੰਗ ਸ਼ੁਰੂ
ਪੰਜਾਬੀ ਵੈੱਬ ਸੀਰੀਜ਼ “ਕਰਮਾ ਅੱਪਲੋਡਿੰਗ” ਦੀ ਸ਼ੂਟਿੰਗ ਸ਼ੁਰੂ
22 ਜਨਵਰੀ 2025 (ਸਤਨਾਮ ਸਿੰਘ ਖਨੌਰੀ ):ਪੋਲਿਟੀਕਲ ਕ੍ਰਾਈਮ ਥਰਿੱਲਰ ’ਤੇ ਅਧਾਰਿਤ ਪੰਜਾਬੀ ਵੈੱਬ ਸੀਰੀਜ਼ “ਕਰਮਾ ਅੱਪਲੋਡਿੰਗ” ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਸਦਾ ਪਹਿਲਾ ਸ਼ਡਿਊਲ ਵੀ ਮੁਕੰਮਲ ਕੀਤਾ ਜਾ ਚੁੱਕਾ ਹੈ। ਇਹ ਵੈੱਬ ਸੀਰੀਜ਼ ਨਿਰਮਾਤਾ ਪਾਲਵੀਰ ਸਿੰਘ ਗਰੇਵਾਲ ਵੱਲੋਂ ਹੋਪ ਫਿਲਮ ਸਟੂਡੀਓਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ।ਇਸ ਵੈੱਬ ਸੀਰੀਜ਼ ਵਿੱਚ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਲੱਖਵਿੰਦਰ ਲੱਖਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਲੱਖਵਿੰਦਰ ਲੱਖਾ ਦਾ ਪਿਛੋਕੜ ਰੰਗਮੰਚ ਨਾਲ ਜੁੜਿਆ ਹੋਇਆ ਹੈ ਅਤੇ ਇਸ ਸੀਰੀਜ਼ ਰਾਹੀਂ ਉਹ ਪਹਿਲੀ ਵਾਰ ਆਪਣੇ ਉਸਤਾਦ ਲੱਖਾ ਲਹਿਰੀ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।ਜ਼ਿਕਰਯੋਗ ਹੈ ਕਿ ਲੱਖਵਿੰਦਰ ਲੱਖਾ ਇਸ ਤੋਂ ਪਹਿਲਾਂ 25 ਕਿੱਲੇ, 31 ਅਕਤੂਬਰ 1984, ਢੋਲ ਰੱਤੀ, ਖਿਡਾਰੀ, ਦਾ ਹਿਡਨ ਸਟਰਾਈਕ ਵਰਗੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਖਿੱਚ ਚੁੱਕੇ ਹਨ।ਵੈੱਬ ਸੀਰੀਜ਼ “ਕਰਮਾ ਅੱਪਲੋਡਿੰਗ” ਦੇ ਲੇਖਕ ਅਤੇ ਨਿਰਦੇਸ਼ਕ ਪੰਕਜ ਵਰਮਾ ਹਨ, ਜੋ ਇਸ ਤੋਂ ਪਹਿਲਾਂ ਇੱਕੋ ਮਿਕੇ ਅਤੇ ਸੋਚ ਤੋਂ ਪਰੇ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਕੈਮਰੇ ਦੀ ਜ਼ਿੰਮੇਵਾਰੀ ਸਿਨੇਮੈਟੋਗ੍ਰਾਫਰ ਸੁਖਨ ਵਿਰਦੀ ਨਿਭਾ ਰਹੇ ਹਨ।ਇਸ ਵੈੱਬ ਸੀਰੀਜ਼ ਦੀ ਸਟਾਰ ਕਾਸਟ ਵਿੱਚ ਪਰਮੋਦ ਪੱਬੀ, ਲੱਖਾ ਲਹਿਰੀ, ਅਮਨ ਕੋਤਿਸ਼, ਸੀਰਤ ਪ੍ਰੀਤ, ਬੱਬਰ ਗਿੱਲ, ਚੰਦਨ ਦਿਲਾਵਰ, ਸੁਖਜੀਤ ਅੰਟਾਲ, ਸੁਖਰਾਜ ਰੰਧਾਵਾ, ਅਨਮੋਲ ਸਿੰਘ, ਰਵ ਚਹਿਲ ਆਦਿ ਸ਼ਾਮਲ ਹਨ।ਟੀਮ ਵੱਲੋਂ ਦੱਸਿਆ ਗਿਆ ਹੈ ਕਿ ਇਹ ਵੈੱਬ ਸੀਰੀਜ਼ ਦਰਸ਼ਕਾਂ ਲਈ ਇੱਕ ਵੱਖਰਾ ਤੇ ਦਿਲਚਸਪ ਤਜਰਬਾ ਹੋਵੇਗੀ।