5 ਦਸੰਬਰ ਨੂੰ ਪੰਜਾਬ 'ਚ 2 ਘੰਟੇ ਲਈ ਰੇਲ ਆਵਾਜਾਈ ਹੋਵੇਗੀ ਠੱਪ
5 ਦਸੰਬਰ ਨੂੰ ਪੰਜਾਬ 'ਚ 2 ਘੰਟੇ ਲਈ ਰੇਲ ਆਵਾਜਾਈ ਹੋਵੇਗੀ ਠੱਪ
ਸਰਕਾਰ ਵੱਲੋਂ ਆਪਣੀਆਂ ਲੰਬਿਤ ਮੰਗਾਂ 'ਤੇ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਕਿਸਾਨ ਮਜ਼ਦੂਰ ਮੋਰਚਾ ਨੇ 5 ਦਸੰਬਰ ਨੂੰ ਪੰਜਾਬ ਭਰ ਵਿੱਚ ਰੇਲ ਆਵਾਜਾਈ ਠੱਪ ਕਰਨ ਦਾ ਵੱਡਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸਪੱਸ਼ਟ ਕੀਤਾ ਕਿ ਇਸ ਦੌਰਾਨ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ।
ਦੁਪਹਿਰ 1 ਤੋਂ 3 ਵਜੇ ਤੱਕ ਟ੍ਰੇਨਾਂ ਰੁਕਣਗੀਆਂ
ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ 5 ਦਸੰਬਰ ਨੂੰ ਇਹ ਵਿਰੋਧ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ ਸ਼ਾਮ 3 ਵਜੇ ਤੱਕ, ਦੋ ਘੰਟਿਆਂ ਲਈ ਕੀਤਾ ਜਾਵੇਗਾ। ਕਿਸਾਨਾਂ ਨੇ ਸੂਬੇ ਦੇ 19 ਜ਼ਿਲ੍ਹਿਆਂ ਤੋਂ ਗੁਜ਼ਰਨ ਵਾਲੇ ਮੁੱਖ ਰੇਲਵੇ ਟ੍ਰੈਕਾਂ 'ਤੇ ਧਰਨਾ ਦੇਣ ਦੀ ਤਿਆਰੀ ਕਰ ਲਈ ਹੈ। ਪ੍ਰਭਾਵਿਤ ਹੋਣ ਵਾਲੇ ਮੁੱਖ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਅਤੇ ਪਟਿਆਲਾ ਸ਼ਾਮਲ ਹਨ।
ਸਰਵਣ ਸਿੰਘ ਪੰਧੇਰ ਨੇ ਕਿਹਾ, "ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਕਈ ਮੁੱਖ ਮੰਗਾਂ 'ਤੇ ਕੋਈ ਫੈਸਲਾ ਨਹੀਂ ਲਿਆ ਹੈ, ਜਿਸ ਕਾਰਨ ਅਸੀਂ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋ ਰਹੇ ਹਾਂ। ਸਾਡਾ ਮਕਸਦ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ, ਸਗੋਂ ਸਰਕਾਰ ਤੱਕ ਕਿਸਾਨ-ਮਜ਼ਦੂਰ ਦੀ ਆਵਾਜ਼ ਪਹੁੰਚਾਉਣਾ ਹੈ।"
ਮੁੱਖ ਮੰਗਾਂ ਜਿਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ
MSP ਗਾਰੰਟੀ ਕਾਨੂੰਨ: ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਬਿਜਲੀ ਸੁਧਾਰ ਬਿੱਲ-2025: ਇਹ ਬਿੱਲ ਤੁਰੰਤ ਰੱਦ ਕੀਤਾ ਜਾਵੇ।
ਮੀਟਰ ਹਟਾਉਣ ਦੀ ਮੰਗ: ਪ੍ਰੀਪੇਡ ਮੀਟਰ ਹਟਾ ਕੇ ਪੁਰਾਣੇ ਮੀਟਰ ਲਗਾਏ ਜਾਣ।
ਇਸ ਤੋਂ ਇਲਾਵਾ, ਕਿਸਾਨ ਜਥੇਬੰਦੀਆਂ ਜਨਤਕ ਪ੍ਰਾਪਰਟੀਆਂ ਦੇ ਨਿੱਜੀਕਰਨ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਅਣਦੇਖੀ ਵਰਗੇ ਮੁੱਦਿਆਂ 'ਤੇ ਵੀ ਜ਼ੋਰ ਦੇ ਰਹੀਆਂ ਹਨ। ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮੌਜੂਦਾ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਹ ਵਿਆਪਕ ਰੂਪ ਧਾਰਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਸਿਰਫ਼ ਇੱਕ ਚੇਤਾਵਨੀ ਹੈ ਕਿ ਕਿਸਾਨ-ਮਜ਼ਦੂਰ ਆਪਣੇ ਹੱਕਾਂ ਲਈ ਲੜਨ ਲਈ ਤਿਆਰ ਹਨ।