ਅਜਨਾਲਾ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਵੱਡੀ ਰਾਹਤ:ਪੰਜਾਬ ਸਰਕਾਰ ਨੇ ਵੰਡਿਆ ₹65 ਲੱਖ ਦਾ ਮੁਆਵਜ਼ਾ
ਅਜਨਾਲਾ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਵੱਡੀ ਰਾਹਤ:ਪੰਜਾਬ ਸਰਕਾਰ ਨੇ ਵੰਡਿਆ ₹65 ਲੱਖ ਦਾ ਮੁਆਵਜ਼ਾ
ਅਜਨਾਲਾ ਖੇਤਰ ਦੇ ਕਈ ਪਿੰਡਾਂ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦਿਆਂ, ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਮੁਆਵਜ਼ੇ ਦੇ ਚੈੱਕ ਵੰਡੇ।
ਚੱਕ ਡੋਕ, ਚੱਕ ਫੂਲਾ, ਕੋਟਲੀ ਜਮੀਤ ਸਿੰਘ, ਰਮਦਾਸ, ਕਤਲੇ ਨੰਗਲ ਅਤੇ ਸੋਹਾਲ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ।
ਪਹਿਲੇ ਪੜਾਅ ਵਿੱਚ 450 ਕਿਸਾਨਾਂ ਨੂੰ ਭੁਗਤਾਨ
ਸ. ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਲਗਭਗ 450 ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੀ ਕੁੱਲ ਰਕਮ ਲਗਭਗ 65 ਲੱਖ ਰੁਪਏ ਬਣਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਪਿੰਡਾਂ ਦੀਆਂ ਨੁਕਸਾਨ ਰਿਪੋਰਟਾਂ ਅਤੇ ਕੇਸ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਨੂੰ ਭੁਗਤਾਨ ਤੁਰੰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਹੜ੍ਹ ਪੀੜਤਾਂ ਦੇ ਕੇਸ ਤਿਆਰ ਹੁੰਦਿਆਂ ਹੀ ਅਗਲੇ ਹਫ਼ਤੇ ਫਿਰ ਮੁਆਵਜ਼ਾ ਵੰਡਿਆ ਜਾਵੇਗਾ।
ਮੁੱਖ ਮੰਤਰੀ ਮਾਨ ਦਾ ਸਪਸ਼ਟ ਨਿਰਦੇਸ਼
ਸ. ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਦਾਇਤਾਂ ਸਪੱਸ਼ਟ ਹਨ: "ਫਸਲ, ਘਰ ਜਾਂ ਪਸ਼ੂ ਧਨ—ਜਿਹੜਾ ਵੀ ਨੁਕਸਾਨ ਹੋਇਆ ਹੋਵੇ, ਹਰ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ।"