ਅੱਜ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ 'ਚ ਮੁੱਖ ਮੰਤਰੀ ਮਾਨ ਹੋਣਗੇ ਨਤਮਸਤਕ
ਅੱਜ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ 'ਚ ਮੁੱਖ ਮੰਤਰੀ ਮਾਨ ਹੋਣਗੇ ਨਤਮਸਤਕ
ਸਰਬੰਸ ਦਾਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹੀਨਾ ਭਰ ਚੱਲਣ ਵਾਲੇ ਸ਼ਰਧਾ ਸਮਾਗਮਾਂ ਦੀ ਸ਼ੁਰੂਆਤ ਅੱਜ 25 ਅਕਤੂਬਰ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਪਵਿੱਤਰ ਅਸਥਾਨਾਂ ਤੋਂ ਹੋਵੇਗੀ। ਪੰਜਾਬ ਸਰਕਾਰ ਵੱਲੋਂ ਇਹ ਸਮਾਗਮ ਪੂਰੀ ਸ਼ਰਧਾ, ਸਤਿਕਾਰ ਅਤੇ ਗੁਰ ਮਰਿਆਦਾ ਅਨੁਸਾਰ ਕਰਵਾਏ ਜਾ ਰਹੇ ਹਨ।
ਮੁੱਖ ਮੰਤਰੀ ਮਾਨ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਣਗੇ
ਮੁੱਖ ਮੰਤਰੀ ਭਗਵੰਤ ਮਾਨ ਅੱਜ ਇਨ੍ਹਾਂ ਇਤਿਹਾਸਕ ਸਮਾਗਮਾਂ ਦੀ ਸ਼ੁਰੂਆਤ ਮੌਕੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਮੁੱਖ ਮੰਤਰੀ ਸਵੇਰੇ 11:30 ਵਜੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨਗੇ।
ਸਿਰਫ਼ ਗੁਰੂ ਸਾਹਿਬ ਦੇ ਸ਼ਹੀਦੀ ਸਥਾਨ 'ਤੇ ਹੀ ਨਹੀਂ, ਬਲਕਿ ਮੁੱਖ ਮੰਤਰੀ ਉਨ੍ਹਾਂ ਮਹਾਨ ਸ਼ਹੀਦਾਂ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ, ਦੇ ਸ਼ਹੀਦੀ ਸਥਾਨਾਂ 'ਤੇ ਵੀ ਜਾਣਗੇ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਲਾਸਾਨੀ ਕੁਰਬਾਨੀ ਦਿੱਤੀ ਸੀ, ਅਤੇ ਸ਼ਰਧਾਂਜਲੀ ਭੇਟ ਕਰਨਗੇ।
ਸਾਰੀ ਕੈਬਨਿਟ ਹੋਵੇਗੀ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਕੈਬਨਿਟ ਦੇ ਹੋਰ ਮੰਤਰੀ ਵੀ ਮੌਜੂਦ ਰਹਿਣਗੇ। ਸਾਰੇ ਮੰਤਰੀ ਸਾਂਝੇ ਤੌਰ 'ਤੇ ਰੁਮਾਲਾ ਸਾਹਿਬ ਭੇਟ ਕਰਨ ਦੀ ਰਸਮ ਅਦਾ ਕਰਨਗੇ ਅਤੇ ਸਵੇਰੇ 11 ਵਜੇ ਹੋਣ ਵਾਲੀ 'ਸਰਬੱਤ ਦੇ ਭਲੇ' ਦੀ ਅਰਦਾਸ ਵਿੱਚ ਸ਼ਾਮਲ ਹੋਣਗੇ।
ਗੁਰੂ ਸਾਹਿਬ ਦੇ ਮਹਾਨ ਬਲੀਦਾਨ ਅਤੇ ਮਨੁੱਖਤਾ ਦੇ ਸਿਧਾਂਤਾਂ ਨੂੰ ਯਾਦ ਕਰਦੇ ਹੋਏ ਇਹ ਸਮਾਗਮ ਪੰਜਾਬ ਅਤੇ ਦੇਸ਼ ਭਰ ਵਿੱਚ ਇੱਕ ਮਹੀਨੇ ਤੱਕ ਚੱਲਦੇ ਰਹਿਣਗੇ।