ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਹੋਇਆ ਐਲਾਨ
ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਹੋਇਆ ਐਲਾਨ
ਬੀਸੀਸੀਆਈ ਨੇ ਸ਼ਨੀਵਾਰ, 4 ਅਕਤੂਬਰ ਨੂੰ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ। ਇਸ ਮੀਟਿੰਗ ਵਿਚ ਸਭ ਤੋਂ ਵੱਡਾ ਫੈਸਲਾ 26 ਸਾਲਾ ਸ਼ੁਭਮਨ ਗਿੱਲ ਨੂੰ ਵਨਡੇ ਟੀਮ ਦਾ ਨਵਾਂ ਕਪਤਾਨ ਨਿਯੁਕਤ ਕਰਨਾ ਰਿਹਾ। ਗਿੱਲ ਪਹਿਲਾਂ ਹੀ ਟੈਸਟ ਟੀਮ ਦੀ ਕਪਤਾਨੀ ਸੰਭਾਲ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਦੋਵਾਂ ਫਾਰਮੈਟਾਂ ਵਿੱਚ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸ ਫੈਸਲੇ ਨਾਲ ਰੋਹਿਤ ਸ਼ਰਮਾ ਤੋਂ ਵਨਡੇ ਕਪਤਾਨੀ ਵੀ ਹਟਾ ਲਈ ਗਈ ਹੈ। ਟੀਮ ਚੋਣ ਮੀਟਿੰਗ ਤੋਂ ਬਾਅਦ ਇਹ ਵੀ ਪੱਕਾ ਹੋ ਗਿਆ ਕਿ ਭਵਿੱਖ ਵਿੱਚ ਹਰ ਫਾਰਮੈਟ ਲਈ ਇੱਕੋ ਕਪਤਾਨ ਰੱਖਣ ਦੀ ਨੀਤੀ ਵੱਲ ਬੀਸੀਸੀਆਈ ਵਧ ਰਹੀ ਹੈ। ਸ਼੍ਰੇਅਸ ਅਈਅਰ ਨੂੰ ਵਨਡੇ ਟੀਮ ਦਾ ਉਪ ਕਪਤਾਨ ਚੁਣਿਆ ਗਿਆ ਹੈ। ਪਹਿਲਾਂ ਕਈ ਅਟਕਲਾਂ ਇਹ ਸਨ ਕਿ ਸ਼੍ਰੇਅਸ ਨੂੰ ਕਪਤਾਨੀ ਮਿਲ ਸਕਦੀ ਹੈ, ਪਰ ਆਖਿਰਕਾਰ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਦਾ ਫ਼ੈਸਲਾ ਹੋਇਆ। ਇਹ ਗਿੱਲ ਲਈ ਕਰੀਅਰ ਦਾ ਨਵਾਂ ਮਹੱਤਵਪੂਰਨ ਪੜਾਅ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਲੜੀ 19 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਪਰਥ ਵਿੱਚ, ਦੂਜਾ 23 ਅਕਤੂਬਰ ਨੂੰ ਐਡੀਲੇਡ ਵਿੱਚ ਅਤੇ ਤੀਜਾ 25 ਅਕਤੂਬਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ। ਇਹ ਗਿੱਲ ਲਈ ਵਨਡੇ ਕਪਤਾਨ ਵਜੋਂ ਪਹਿਲੀ ਸੀਰੀਜ਼ ਹੋਵੇਗੀ। ਤਜਰਬੇਕਾਰ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਟੀਮ ਦਾ ਹਿੱਸਾ ਬਣੇ ਰਹਿਣਗੇ, ਜਦੋਂ ਕਿ ਹਾਰਦਿਕ ਪੰਡਿਆ ਨੂੰ ਸ਼ਾਮਲ ਨਹੀਂ ਕੀਤਾ ਗਿਆ।