ਪੰਜਾਬ ਨੂੰ ਕੇਂਦਰ ਵੱਲੋਂ “ਅਤਿ ਹੜ੍ਹ ਪ੍ਰਭਾਵਿਤ” ਐਲਾਨਿਆ, ਰਾਜ ਨੂੰ ਮਿਲੇਗਾ 590 ਕਰੋੜ ਦਾ ਕਰਜ਼ਾ
ਪੰਜਾਬ ਨੂੰ ਕੇਂਦਰ ਵੱਲੋਂ “ਅਤਿ ਹੜ੍ਹ ਪ੍ਰਭਾਵਿਤ” ਐਲਾਨਿਆ, ਰਾਜ ਨੂੰ ਮਿਲੇਗਾ 590 ਕਰੋੜ ਦਾ ਕਰਜ਼ਾ
ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਰਾਜ ਨੂੰ “ਅਤਿ ਹੜ੍ਹ ਪ੍ਰਭਾਵਿਤ” ਘੋਸ਼ਿਤ ਕਰਨ ਦੀ ਪੰਜਾਬ ਸਰਕਾਰ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਹੁਣ ਪੰਜਾਬ ਨੂੰ ਵਧੇਰੇ ਮੁਆਵਜ਼ੇ ਅਤੇ ਵਿੱਤੀ ਸਹਾਇਤਾ ਮਿਲੇਗੀ। ਵਿਸ਼ੇਸ਼ ਸਹਾਇਤਾ ਪੂੰਜੀ ਨਿਵੇਸ਼ ਯੋਜਨਾ ਤਹਿਤ ਰਾਜ ਨੂੰ 590 ਕਰੋੜ ਰੁਪਏ ਦਾ 50 ਸਾਲਾਂ ਲਈ ਸੁਖਾਲਾ ਕਰਜ਼ਾ ਮਿਲੇਗਾ, ਜੋ ਖ਼ਾਸ ਤੌਰ ‘ਤੇ ਟੁੱਟੇ-ਫੁੱਟੇ ਬੁਨਿਆਦੀ ਢਾਂਚੇ ਦੀ ਮੁਰੰਮਤ ‘ਤੇ ਖਰਚਿਆ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਕੇਂਦਰੀ ਮੰਤਰੀ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਚੁੱਕੇ ਹਨ। ਹੁਣ ਕੇਂਦਰ ਵੱਲੋਂ ਅਧਿਕਾਰਕ ਐਲਾਨ ਨਾਲ ਰਾਜ ਸਰਕਾਰ ਨੂੰ ਵਾਧੂ ਫੰਡ ਜਾਰੀ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਸਬੰਧੀ ਵਿਸਥਾਰ ਪੰਜਾਬ ਸਰਕਾਰ ਵੱਲੋਂ ਅੱਜ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਤੈਅ ਕੀਤੇ ਜਾਣਗੇ।ਹਾਲਾਂਕਿ, ਇਸ ਫੈਸਲੇ ਦਾ ਖੇਤੀਬਾੜੀ ਮੁਆਵਜ਼ੇ ‘ਤੇ ਕੋਈ ਅਸਰ ਨਹੀਂ ਪਵੇਗਾ। ਫਸਲਾਂ ਲਈ ਪਹਿਲਾਂ ਹੀ ਸੂਬਾ ਸਰਕਾਰ ਵੱਲੋਂ 20,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ, ਫੰਡਾਂ ਦੇ ਬਟਵਾਰੇ ਲਈ ਮੌਜੂਦਾ ਪ੍ਰਬੰਧ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰ 75:25 ਦੇ ਅਨੁਪਾਤ ਨਾਲ ਰਕਮ ਜਾਰੀ ਕਰਦੇ ਹਨ। ਪਰ ਹੁਣ ਵਾਧੂ ਸਹਾਇਤਾ ਲਈ ਪੰਜਾਬ ਸਰਕਾਰ ਨੂੰ ਆਪਣੇ ਹਿੱਸੇ ਦੀ ਗ੍ਰਾਂਟ ਵੀ ਵਧਾਉਣੀ ਪਵੇਗੀ।