ਬੇਰੁਜ਼ਗਾਰ ਅਧਿਆਪਕ 42ਵੇਂ ਦਿਨ ਵੀ ਟਾਵਰ ਤੇ ਡਟੇ ਰਹੇ

ਚੰਡੀਗੜ੍ਹ/ ਪਟਿਆਲਾ:- ਰੁਜ਼ਗਾਰ ਦੀ ਮੰਗ ਨੂੰ ਲੈ ਕੇ BSNL ਟਾਵਰ ‘ਤੇ ਲਗਾਤਾਰ 42 ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ। ਲੰਮੇ ਸਮੇਂ ਤੋਂ ਲਗਾਤਾਰ ਭੁੱਖੇ ਪਿਆਸੇ ਰਹਿਣ ਕਾਰਨ ਦੋਵੇਂ ਬੇਰੁਜ਼ਗਾਰ ਅਧਿਆਪਕਾਂ ਦੀ ਸਰੀਰਕ ਹਾਲਤ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਹਰਜੀਤ ਮਾਨਸਾ ਦੇ ਹੱਥਾਂ ਤੇ ਸੱਜੇ ਮੋਢੇ ਦੀ ਚਮੜੀ ਤੇ ਸੁਰਿੰਦਰਪਾਲ ਗੁਰਦਾਸਪੁਰ ਦੀ ਪੈਰਾਂ ਦੀ ਚਮੜੀ ਉਖੜਨ ਲੱਗੀ ਹੋਈ ਹੈ।
ਦੋਵੇਂ ਬੇਰੁਜ਼ਗਾਰ ਅਧਿਆਪਕਾਂ ਦੀ ਚਮੜੀ ਦਾ ਉਖਡ਼੍ਹਨਾ ਲਗਾਤਾਰ ਵਧਦਾ ਜਾ ਰਿਹਾ ਹੈ । ਦੋਵਾਂ ਬੇਰੁਜ਼ਗਾਰਾਂ ਦੇ ਪੇਟ, ਹੱਥਾਂ ਅਤੇ ਪੈਰਾਂ ਵਿੱਚ ਹਰ ਸਮੇਂ ਦਰਦ ਰਹਿੰਦਾ ਹੈ। ਇਸ ਮੌਕੇ ਟਾਵਰ ਤੇ ਬੇਠੈ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਭਾਵੇਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਮੀਟਿੰਗਾਂ ਵਿਚ ਜਲਦ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਪਰ ਹਾਲੇ ਤਕ ਏਨਾ ਸਮਾਂ ਬੀਤਣ ਦੇ ਬਾਵਜੂਦ ਵੀ ਕਿਸੇ ਮੰਗ ਪ੍ਰਤੀ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਸਰਕਾਰ ਵਲੋਂ ਦਿੱਤਾ ਭਰੋਸਾ ਮਿੱਠੀ ਗੋਲੀ ਸਾਬਿਤ ਹੁੰਦੀ ਜਾ ਰਹੀ ਹੈ। ਜਦੋਂ ਤੱਕ ਸਾਡੀਆਂ ਹੱਕੀ ਮੰਗਾਂ ਨੂੰ ਲਿਖਤੀ ਰੂਪ ਵਿੱਚ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਟਾਵਰ ਉਪਰ ਡਟੇ ਰਹਾਂਗੇ। ਜਿਸ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸ ਦਾ ਜ਼ੁੰਮੇਵਾਰ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ।

 

Share this post