ਅਣਪਛਾਤੇ ਨੌਜਵਾਨਾਂ ਨੇ ਘਰ ਦੇ ਬਾਹਰ ਚਲਾਈਆਂ ਗੋਲੀਆਂ, ਸੀਸੀਟੀਵੀ ਕੈਮਰੇ ਚ ਘਟਨਾ ਕੈਦ
ਅਣਪਛਾਤੇ ਨੌਜਵਾਨਾਂ ਨੇ ਘਰ ਦੇ ਬਾਹਰ ਚਲਾਈਆਂ ਗੋਲੀਆਂ, ਸੀਸੀਟੀਵੀ ਕੈਮਰੇ ਚ ਘਟਨਾ ਕੈਦ
ਗੁਰਪ੍ਰੀਤ ਸਿੰਘ /ਕਾਦੀਆਂ 10 ਅਪ੍ਰੈਲ:- ਪਿੰਡ ਗ੍ਰੰਥਗੜ ਚ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਉਣ ਦਾ ਸਮਾਚਾਰ ਮਿਿਲਆ ਹੈ ਗੋਲੀਆਂ ਘਰ ਦੇ ਗੇਟ, ਦੁਕਾਨ ਦੇ ਸ਼ਟਰ ਤੇ ਮੁੱਖ ਦਰਵਾਜ਼ੇ ਚ ਲੱਗੀਆਂ ਹਨ। ਪੀੜਿਤ ਪਰਿਵਾਰ ਅਨੁਸਾਰ ਅਣਪਛਾਤੇ ਨੌਜਵਾਨਾਂ ਨੇ ਛੇ ਸੱਤ ਗੋਲੀਆਂ ਚਲਾਈਆਂ ਹਨ। ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ। ਇਸ ਸਬੰਧੀ ਥਾਣਾ ਸੇਖਵਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਜਾਂਚ ਕਰ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗ੍ਰੰਥਗੜ੍ਹ ਤੇ ਉਸ ਦੇ ਚਚੇਰੇ ਭਰਾ ਨਵਦੀਪ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਉਹ ਰੋਟੀ ਖਾ ਕੇ ਸੌਣ ਲੱਗੇ ਸਨ ਕਿ ਘਰ ਦੇ ਬਾਹਰ ਲਗਾਤਾਰ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਉਹ ਇੱਕ ਦਮ ਡਰ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਇੱਕ ਮੋਟਰਸਾਈਕਲ ਦੇ ਸਵਾਰ ਤਿੰਨ ਨੌਜਵਾਨ ਪਹਿਲਾਂ ਘਰ ਦੇ ਬਾਹਰ ਦੋ ਤਿੰਨ ਗੇੜੇ ਲਗਾਉਂਦੇ ਦੇਖੇ ਗਏ ਤੇ ਉਸ ਤੋਂ ਕੁਝ ਦੇਰ ਬਾਅਦ ਇੱਕ ਨੌਜਵਾਨ ਮੋਟਰਸਾਈਕਲ 'ਤੇ ਖੜਾ ਰਿਹਾ ਤੇ ਦੂਜੇ ਦੋ ਪੈਦਲ ਆਏ ਤੇ ਆਉਂਦਿਆਂ ਹੀ ਘਰ ਦੇ ਬਾਹਰ ਗੋਲੀਆਂ ਚਲਾਉਂਦੇ ਰਹੇ।ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੋਲੀਆਂ ਘਰ ਦੇ ਬਾਹਰ ਗੇਟ ਤੇ ਨਜ਼ਦੀਕ ਬਣਾਈ ਹੋਈ ਇੱਕ ਦੁਕਾਨ ਦੇ ਸ਼ਟਰ ਚ ਲੱਗੀਆਂ ਹਨ । ਇੱਕ ਗੋਲੀ ਘਰ ਦੇ ਮੁੱਖ ਦਰਵਾਜ਼ੇ ਨੂੰ ਚੀਰਦੀ ਹੋਈ ਘਰ ਦੇ ਅੰਦਰ ਆਈ ਹੈ। ਉਸ ਨੇ ਦੱਸਿਆ ਕਿ ਗੋਲੀਆਂ ਚੱਲਣ ਸਬੰਧੀ ਥਾਣਾ ਸੇਖਵਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸੰਜੀਵ ਕੁਮਾਰ ਤੇ ਥਾਣਾ ਸੇਖਵਾਂ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ। ਜ਼ਿਕਰ ਯੋਗ ਹੈ ਕਿ ਵੱਖ-ਵੱਖ ਥਾਵਾਂ ਤੇ ਗੋਲੀਆਂ ਚਲਾਉਣ ਅਤੇ ਹੋਰ ਵੱਖ-ਵੱਖ ਥਾਵਾਂ ਤੇ ਹੋਰ ਧਮਾਕਿਆਂ ਦੇ ਨਾਲ ਜਿੱਥੇ ਪੰਜਾਬ ਭਰ ਦੇ ਵਿੱਚ ਲੋਕਾਂ ਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਲਗਾਤਾਰ ਲੋਕ ਸਹਿਮੇ ਹੋਏ ਹਨ । ਘਟਨਾ ਦੀ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਇਸ ਮਾਮਲੇ ਨੂੰ ਬਰੀਕੀ ਨਾਲ ਜਾਂਚਿਆ ਜਾ ਰਿਹਾ ਹੈ। ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ। ਅਤੇ ਇਲਾਕੇ ਦੇ ਸੀਸੀ ਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਅਤੇ ਜਲਦ ਹੀ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।