ਸ਼ੰਬੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਉੱਪਰ ਕੀਤੇ ਗਏ ਤਸ਼ੱਦਦ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਪਿੰਡਾਂ ਚ ਵਿਰੋਧ ਹੋਣਾ ਹੋਇਆ ਸ਼ੁਰੂ
ਸ਼ੰਬੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਉੱਪਰ ਕੀਤੇ ਗਏ ਤਸ਼ੱਦਦ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਪਿੰਡਾਂ ਚ ਵਿਰੋਧ ਹੋਣਾ ਹੋਇਆ ਸ਼ੁਰੂ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆਂ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਕਿਸਾਨਾਂ ਵੱਲੋਂ ਵਿਰੋਧ
7 ਅਪ੍ਰੈਲ (ਗੁਰਪ੍ਰੀਤ ਸਿੰਘ /ਕਾਦੀਆਂ):- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੈਣੇਕੋਟ ਵਿਖੇ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਇੰਚਾਰਜ ਤੇ ਜ਼ਿਲਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਤਾਂ ਉੱਥੇ ਹਾਜ਼ਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ ਦੌਰਾਨ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ।ਇਸ ਮੌਕੇ ਜਗਰੂਪ ਸੇਖਵਾਂ ਦਾ ਕਾਫਲਾ ਰੋਕਣ ਵਾਲੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਹਟਾਉਣ ਲਈ ਪੁਲਿਸ ਨੇ ਵੀ ਪੂਰੀ ਵਾਹ ਲਾਈ।ਇਸ ਮੌਕੇ ਪੁਲਿਸ ਅਤੇ ਕਿਸਾਨਾਂ ਵਿੱਚਕਾਰ ਤੂੰ ਤੂੰ ਮੈਂ ਮੈਂ ਤੋਂ ਇਲਾਵਾ ਹਲਕੀ ਧੱਕਾ ਮੁੱਕੀ ਵੀ ਹੋਈ ਪਰ ਬਾਅਦ ਵਿੱਚ ਡੀਐਸਪੀ ਕੁਲਵੰਤ ਸਿੰਘ ਨੇ ਹਾਲਾਤਾਂ ਨੂੰ ਦੇਖਦੇ ਹੋਏ ਕਿਸਾਨਾਂ ਦੇ ਵਫਦ ਦੀ ਜਗਰੂਪ ਸਿੰਘ ਸੇਖਵਾਂ ਨਾਲ ਗੱਲਬਾਤ ਕਰਵਾਈ।ਇਸ ਮੌਕੇ ਕਿਸਾਨਾਂ ਦੇ ਵਫਦ ਵਿੱਚ ਗੁਰਮੁਖ ਸਿੰਘ ਚਾਹਲ ਰਣਜੀਤ ਸਿੰਘ ਧੰਦਲ ਲਖਵਿੰਦਰ ਸਿੰਘ ਸੇਖਵਾਂ ਨੇ ਕਿਹਾ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਉੱਤੇ ਕਿਸਾਨਾਂ ਨਾਲ ਹੋਏ ਧੱਕੇ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਪਰ ਕਿਸੇ ਵੀ ਐਮਐਲਏ ਮੰਤਰੀ ਜਾਂ ਹਲਕਾ ਇੰਚਾਰਜ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾਈ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਜਬਰ ਅਤੇ ਜ਼ੁਲਮ ਤੋਂ ਇਲਾਵਾ ਕਿਸਾਨਾਂ ਦੇ ਸਮਾਨ ਦੀ ਲੁੱਟਮਾਰ ਜ਼ੁਲਮ ਅੰਗਰੇਜ਼ਾਂ ਅਤੇ ਮੁਗਲਾਂ ਵੇਲੇ ਵੀ ਆਮ ਲੋਕਾਂ ਉੱਤੇ ਨਹੀਂ ਹੋਇਆ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਿਸ ਦੇ ਧੱਕੇ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨੇ ਹੀ ਉਹਨਾਂ ਦੇ ਮੋਰਚੇ ਵਿੱਚ ਭਾਰੀ ਲੁੱਟਮਾਰ ਕੀਤੀ। ਇਸ ਤੋਂ ਇਲਾਵਾ ਉਨਾਂ ਨੇ ਹਲਕਾ ਘਨੌਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਵੀ ਉਹਨਾਂ ਦੀਆਂ ਟਰਾਲੀਆਂ ਚੋਰੀ ਕਰਨ ਉਹਨਾਂ ਉੱਤੇ ਗੋਲੀ ਚਲਾਉਣ ਦੇ ਵੀ ਇਲਜ਼ਾਮ ਲਗਾਏ ਪਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਵੀ ਗੋਲੀ ਚਲਾਉਣ ਵਾਲਿਆਂ ਅਤੇ ਟਰਾਲੀਆਂ ਟਰੈਕਟਰ ਚੋਰੀ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਕਿਸਾਨਾਂ ਨੇ ਜਗਰੂਪ ਸਿੰਘ ਸੇਖਵਾਂ ਨੂੰ ਕਿਹਾ ਕਿ ਉਹ ਸਰਕਾਰ ਵਾਲੇ ਪਾਸਿਓਂ ਹਟ ਕੇ ਕਿਸਾਨਾਂ ਵਾਲੇ ਪਾਸੇ ਖੜਨ ਕਿਸਾਨ ਉਹਨਾਂ ਨੂੰ ਅਗਲੀ ਵਾਰ ਹਲਕੇ ਚੋਂ ਜਤਾਉਣ ਦਾ ਦਮ ਰੱਖਦੇ ਹਨ॥ ਇਸ ਮੌਕੇ ਜਗਰੂਪ ਸਿੰਘ ਸੇਖਵਾ ਨੇ ਕਿਹਾ ਹੈ ਕਿ ਕਿਸਾਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਹੈ ਜਾਂ ਕੋਈ ਧੱਕਾ ਹੋਇਆ ਹੈ ਤਾਂ ਉਸ ਦੀ ਪੂਰੀ ਜਾਣਕਾਰੀ ਉਹਨਾਂ ਨੂੰ ਲਿਖਤੀ ਰੂਪ ਵਿੱਚ ਦਿੱਤੀ ਜਾਵੇ ਉਹ ਖੁਦ ਕਿਸਾਨਾਂ ਦੇ ਵਫਦ ਦੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਵਾ ਕੇ ਉਹਨਾਂ ਦਾ ਬਣਦਾ ਨੁਕਸਾਨ ਪੂਰਾ ਕਰਵਾਉਣਗੇ ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਖੁਦ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਹਨਾਂ ਦਾ ਕਿਸਾਨਾਂ ਨਾਲ ਗੂੜਾ ਨਾਤਾ ਹੈ ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਵਿੱਚ ਪਾੜਾ ਪਾਉਣਾ ਚਾਹੁੰਦੇ ਹਨ। ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਉਹ ਹਰ ਹਾਲਤ ਵਿੱਚ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਕਿਸਾਨਾਂ ਦੇ ਕਿਸੇ ਵੀ ਮਸਲੇ ਲਈ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਮੌਕੇ ਕਿਸਾਨ ਆਗੂਆਂ ਤੇ ਬੀਬੀਆਂ ਨੇ ਥਾਣਾ ਕਾਹਨੂੰਵਾਨ ਦੀ ਪੁਲਿਸ ਉੱਤੇ ਉਹਨਾਂ ਨਾਲ ਧੱਕੇਸ਼ਾਹੀ ਕਰਨ ਦੇ ਵੀ ਆਰੋਪ ਲਗਾਏ ਗਏ ।