ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਵੇਂ ਜਥੇਦਾਰ ਦੀ ਤਾਜਪੋਸ਼ੀ ਦਾ ਵਿਰੋਧ

 ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਵੇਂ ਜਥੇਦਾਰ ਦੀ ਤਾਜਪੋਸ਼ੀ ਦਾ ਵਿਰੋਧ                
       

ਅੰਮ੍ਰਿਤਸਰ 10 ਮਾਰਚ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ ) ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਦੀਵਾਨ ਅਹੁਦੇਦਾਰਾਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਵਿਵਾਦਤ ਤਾਜਪੋਸ਼ੀ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ। ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਪੰਥਕ ਸਹਿਮਤੀ ਨਾ ਹੋਣ ਕਾਰਨ ਜਥੇਦਾਰਾਂ ਦੀ ਕੀਤੀ ਗਈ ਨਿਯੁਕਤੀ ਪਹਿਲਾਂ ਹੀ ਵਿਵਾਦਤ ਦੌਰ ਵਿਚੋ ਲੰਘ ਰਹੀ ਹੈ ਅਤੇ ਸਮੁੱਚਾ ਪੰਥ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰਾਂ ਸਬੰਧੀ ਆਪ—ਹੁਦਰੀਆਂ ਅਤੇ ਮਨ ਮਰਜ਼ੀਆਂ ਕਰਕੇ ਲਏ ਗਏ ਫੈਸਲਿਆਂ ਕਾਰਨ ਰੋਸ ਅਤੇ ਨਿਰਾਸ਼ਾ ਵਿਚ ਹੈ। ਉਹਨਾਂ ਨੇ ਕਿਹਾ ਕਿ ਐਸ.ਜੀ.ਪੀ.ਸੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਥ ਦੇ ਸਨਮਾਨਿਤ ਅਹੁਦਿਆਂ ਤੇ ਬੈਠੇ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਅਚਾਨਕ ਸੇਵਾਵਾਂ ਤੋ ਲਾਂਭੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬ—ਉੱਚਤਾ, ਸਿੱਖ ਸਿਧਾਤਾਂ, ਪਰੰਪਰਾਵਾਂ ਅਤੇ ਮਰਿਆਦਾ ਨੂੰ ਢਾਹ ਲਗਾਈ ਗਈ ਹੈ ਅਤੇ ਹੁਣ ਬਗੈਰ ਪੰਥਕ ਪ੍ਰਵਾਨਗੀ ਦੇ ਤੈਅ ਸਮੇਂ ਤੋ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੀਤੀ ਗਈ ਤਾਜਪੋਸ਼ੀ ਨਾਲ ਪੰਥਕ ਸੰਕਟ ਹੋਰ ਵੀ ਗਹਿਰਾ ਗਿਆ ਹੈ। ਮਰਿਆਦਾ ਤੋ ਹੱਟ ਕੇ ਕੀਤੀਆਂ ਜਾ ਰਹੀਆਂ ਅਜਿਹੀਆਂ ਪੰਥਕ ਵਿਰੋਧੀ ਕਾਰਵਾਈਆਂ ਕਰਕੇ ਦੇਸ਼—ਵਿਦੇਸ਼ ਦੀਆਂ ਸੰਗਤਾਂ ਦੁਵਿਧਾ ਵਿਚ ਹਨ। ਉਹਨਾਂ ਨੇ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ/ਤਾਜਪੋਸ਼ੀ ਸਿੱਖ ਪੰਥ ਦੀ ਮਹੱਤਵਪੂਰਨ ਪ੍ਰਕਿਿਰਆ ਹੈ ਜੋ ਖਾਲਸਾ ਪੰਥ ਦੀ ਅਗਵਾਈ ਹੇਠ ਸਿੱਖ ਮਰਿਆਦਾ, ਪੰਥਕ ਸੰਯੁਕਤ ਨਿਰਣਿਆਂ ਅਨੁਸਾਰ ਹੀ ਹੋਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ ਪਹਿਲਾਂ ਵੀ ਕਈ ਵਾਰ ਪੰਥ ਦੇ ਸਨਮਾਨਯੋਗ ਉੱਚ ਅਹੁਦਿਆਂ ਲਈ ਸੇਵਾ ਨਿਯਮ ਘੜੇ ਜਾਣ ਦੀ ਲੋੜ੍ਹ ਤੇ ਜ਼ੋਰ ਦਿੱਤਾ ਗਿਆ ਹੈ।
    ਦੀਵਾਨ ਅਹੁਦੇਦਾਰਾਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਵਿਰੋਧ ਦੇ ਬਾਵਜੂਦ ਨਿਯੁਕਤ ਕੀਤੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨੂੰ ਅਸਵੀਕਾਰ ਕਰਦਿਆਂ ਇਸ ਨੂੰ ਸਿੱਖ ਸਿਧਾਤਾਂ ਅਤੇ ਮਰਿਆਦਾ ਨੂੰ ਘੋਰ ਉਲੰਘਣਾ ਕਰਾਰ ਦਿੱਤਾ। ਉਹਨਾਂ ਮੋਜੂਦਾ ਸਮੇਂ ਵਿਚ ਪੈਦਾ ਹੋਏ ਪੰਥਕ ਟਕਰਾਅ ਅਤੇ ਵਿਰੋਧ ਦੀ ਸਥਿਤੀ ਵਿਚ ਕੌਮ ਦੀ ਇਕਜੁੱਟਤਾ ਅਤੇ ਸਹਿਮਤੀ ਨਾਲ ਪੰਥਕ ਰੂਪ ਵਿਚ ਇਸ ਦੁਵਿਧਾ ਦਾ ਹੱਲ ਕੱਢਣ ਦੀ ਲੋੜ੍ਹ ਤੇ ਜ਼ੋਰ ਦਿੱਤਾ ਤਾਂ ਜੋ ਧਾਰਮਿਕ ਮਰਿਆਦਾ ਅਤੇ ਪਰਪੰਰਾਵਾਂ ਦੀ ਪਾਲਣਾ ਕਰਦਿਆਂ ਤਖ਼ਤ ਸਾਹਿਬਾਨ ਦੀ ਸ਼ਾਨ ਅਤੇ ਪਵਿੱਤਰਤਾ ਅਤੇ ਪੰਥਕ ਇਤਿਹਾਸ ਦੀ ਰਾਖੀ ਕੀਤੀ ਜਾ ਸਕੇ। ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

 

Share this post