ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦ ਕਾਰਜ ਮੈਰਿਜ ਐਕਟ ਲਾਗੂ ਕਰਨ ਲਈ, ਪ੍ਰਧਾਨ ਮੰਤਰੀ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦ ਕਾਰਜ ਮੈਰਿਜ ਐਕਟ ਲਾਗੂ ਕਰਨ ਲਈ, ਪ੍ਰਧਾਨ ਮੰਤਰੀ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਸ਼੍ਰੀ ਕਰਤਾਰਪੁਰ ਕਾਰੀਡੋਰ ਅਤੇ ਵੀਰ ਬਾਲ ਦਿਵਸ ਤੋਂ ਬਾਅਦ, ਸ਼੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਇੱਕ ਹੋਰ ਵੱਡਾ ਤੋਹਫ਼ਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਚੌਕ ਮਹਿਤਾ/ਅੰਮ੍ਰਿਤਸਰ 7 ਮਾਰਚ:- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ 2,730 ਕਰੋੜ ਲਾਗਤ ਨਾਲ ਉਤਰਾਖੰਡ ਦੇ ਗੁਰਦੁਆਰਾ ਸ੍ਰੀ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ 12.4 ਕਿਲੋਮੀਟਰ ਲੰਬੇ ਰੋਪਵੇਅ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦ ਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੱਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਪ੍ਰੋਜੈਕਟ, ਸ੍ਰੀ ਕਰਤਾਰ ਪੁਰ ਕਾਰੀਡੋਰ ਅਤੇ ਵੀਰ ਬਾਲ ਦਿਵਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸਿੱਖ ਪੰਥ ਲਈ ਇਕ ਹੋਰ ਵੱਡਾ ਤੋਹਫ਼ਾ ਹੈ, ਜੋ ਉਨ੍ਹਾਂ ਦੀ ਸਿੱਖ ਪੰਥ ਪ੍ਰਤੀ ਸੁਹਿਰਦਤਾ ਦਾ ਪ੍ਰਮਾਣ ਹੈ। ਜਿਸ ਪ੍ਰਤੀ ਸਭ ਨੂੰ ਕਦਰ ਅਤੇ ਪ੍ਰਸੰਸਾ ਕਰਨੀ ਚਾਹੀਦੀ ਹੈ। ਸ੍ਰੀ ਹੇਮਕੁੰਟ ਸਾਹਿਬ, ਸਮੁੰਦਰੀ ਤਟ ਤੋਂ 13650 ਫੁੱਟ ’ਤੇ ਸਥਿਤ ਬੇਹੱਦ ਸੁੰਦਰ ਅਤੇ ਰਮਣੀਕ ਅਸਥਾਨ, ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਬਲੇ ਜਨਮ ਦਾ ਤਪ ਸਥਾਨ ਹੈ। ਜਿਸ ਪ੍ਰਤੀ ਸਿੱਖ ਸੰਗਤਾਂ ਵਿਚ ਬੜੀ ਭਾਰੀ ਸ਼ਰਧਾ ਅਤੇ ਆਸਥਾ ਹੈ। ਰੋਪਵੇਅ ਦੇ ਮੁਕੰਮਲ ਹੋਣ ਨਾਲ ਯਾਤਰਾ ਦਾ ਸਮਾਂ ਘੱਟ ਜਾਵੇਗਾ ਅਤੇ ਜੋ ਸ਼ਰਧਾਲੂ ਉਮਰ ਜਾਂ ਸਰੀਰਕ ਤਕਾਜ਼ੇ ਕਾਰਨ ਪੈਦਲ ਉੱਪਰ ਜਾਣ ਜਾਂ ਘੋੜਿਆਂ ਦੀ ਸਵਾਰੀ ਕਰਨ ’ਚ ਅਸਮਰਥ ਹਨ, ਉਹ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਸੁਖਾਲੇ ਕਰ ਸਕਣਗੇ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸਿੱਖ ਆਨੰਦ ਕਾਰਜ ਮੈਰਿਜ ਐਕਟ ਨੂੰ ਕਾਨੂੰਨੀ ਮਾਨਤਾ ਦੇਣ ਅਤੇ ਇਸ ਨੂੰ ਤੁਰੰਤ ਰਾਜ ਭਰ ਵਿੱਚ ਲਾਗੂ ਕਰਨ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਮਹਾਰਾਸ਼ਟਰ ਚੋਣਾਂ ਦੌਰਾਨ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ, ਜਦੋਂ ਸਿੱਖ ਭਾਈਚਾਰੇ ਨੇ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬਾ ਪੱਧਰ 'ਤੇ ਸਿੱਖ ਆਨੰਦ ਕਾਰਜ ਮੈਰਿਜ ਐਕਟ ਲਾਗੂ ਹੋਣ ਨਾਲ ਹੁਣ ਸਿੱਖ ਭਾਈਚਾਰੇ ਦੇ ਵਿਆਹ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਿਰਆ ਵਿੱਚ ਪਾਰਦਰਸ਼ਤਾ ਯਕੀਨੀ ਹੋ ਗਈ ਹੈ ਅਤੇ ਵਿਆਹ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਿਰਆ ਆਸਾਨ ਅਤੇ ਵਧੇਰੇ ਜਵਾਬਦੇਹ ਹੋ ਗਈ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਕਾਰਜਕਾਰੀ ਚੇਅਰਮੈਨ ਮਲਕੀਤ ਸਿੰਘ ਬਲ, 11 ਮੈਂਬਰੀ ਸਿੱਖ ਤਾਲਮੇਲ ਕਮੇਟੀ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਅਤੇ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਹੈਪੀ ਵੱਲੋਂ ਉਕਤ ਐਕਟ ਨੂੰ ਲਾਗੂ ਕਰਾਉਣ ਵਿੱਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਇਹ ਜ਼ਿਕਰਯੋਗ ਹੈ ਕਿ ਉਪਰੋਕਤ ਕਮੇਟੀਆਂ ਅਤੇ ਸੰਸਥਾਵਾਂ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ 29 ਸਤੰਬਰ 2024 ਨੂੰ ਨਵੀਂ ਮੁੰਬਈ ਵਿੱਚ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਗਏ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਤਾਬਦੀ ਗੁਰਪੁਰਬ ਮੌਕੇ ਸਰਕਾਰ ਤੋਂ ਮਾਨਤਾ ਪ੍ਰਾਪਤ ਕਰਨ ਨਾਲ ਸੰਭਵ ਹੋਈ ਹੈ। ਅੱਜ ਇਹ ਕਮੇਟੀਆਂ ਅਤੇ ਸੰਸਥਾਵਾਂ ਮਹਾਰਾਸ਼ਟਰ ਸਰਕਾਰ ਵਿੱਚ ਆਪਣੀ ਸਿੱਧੀ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੀਆਂ ਹਨ।