ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ, 296 ਅਧਿਆਪਕਾਂ ਨੇ ਲਿਆ ਹਿੱਸਾ
ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ, 296 ਅਧਿਆਪਕਾਂ ਨੇ ਲਿਆ ਹਿੱਸਾ
ਚੰਡੀਗੜ੍ਹ, 21 ਜਨਵਰੀ: ਪੰਜਾਬ ਦੇ ਸਕੂਲ ਅਤੇ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਠੋਸ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਯੂਨੀਵਰਸਿਟੀ ਆਫ਼ ਤੁਰਕੂ, ਫਿਨਲੈਂਡ ਦੇ ਮਾਹਿਰਾਂ ਨਾਲ ਇੱਕ ਰੋਜ਼ਾ ਸਿਖਲਾਈ ਅਤੇ ਵਿਚਾਰ-ਵਟਾਂਦਰਾ ਪ੍ਰੋਗਰਾਮ ਕਰਵਾਇਆ ਗਿਆ। ਇਥੇ ਮੈਗਸੀਪਾ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੂਬੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 296 ਅਧਿਆਪਕਾਂ ਨੇ ਹਿੱਸਾ ਲਿਆ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਫਿਨਲੈਂਡ ਵਿਖੇ ਤਿੰਨ ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਲਈ ਭੇਜੇ ਗਏ 72 ਅਧਿਆਪਕਾਂ ਦੇ ਪਹਿਲੇ ਬੈਚ ਦੀ ਸ਼ਾਨਦਾਰ ਸਫ਼ਲਤਾ ਉਪਰੰਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ 273 ਪ੍ਰਾਇਮਰੀ ਅਧਿਆਪਕਾਂ ਅਤੇ 23 ਡੀ.ਈ.ਓ. (ਐਲੀਮੈਂਟਰੀ) ਲਈ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।
ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਪ੍ਰਾਇਮਰੀ ਸਕੂਲ ਅਧਿਆਪਨ ਤਕਨੀਕਾਂ ਨਾਲ ਲੈਸ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਪਹਿਲ ਟ੍ਰੇਨਰਾਂ ਨੂੰ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਬਣਾਏਗੀ।
ਕੌਮਾਂਤਰੀ ਮਾਹਿਰਾਂ ਦਾ ਸਮੂਹ, ਜਿਸ ਵਿੱਚ ਸ੍ਰੀ ਐਰੀ ਕਿਓਸਕੀ, ਮਿਸ ਮਿਰਜਾਮੀ ਈਨੋਲਾ ਅਤੇ ਮਿਸ ਸਾਰੀ ਇਸੋਕਯਟੋ-ਸਿੰਜੋਈ ਸ਼ਾਮਲ ਸਨ, ਦਾ ਨਿੱਘਾ ਸਵਾਗਤ ਕਰਦਿਆਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਸਤੇ ਟ੍ਰੇਨਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਉਨ੍ਹਾਂ ਤਕਨੀਕਾਂ ਨੂੰ ਅਪਣਾਉਣ ਵਿੱਚ ਮਦਦ ਕਰੇਗਾ ਜੋ ਵਿਿਦਆਰਥੀਆਂ ਲਈ ਸਿੱਖਣ ਪ੍ਰਕਿਿਰਆ ਨੂੰ ਰੁਮਾਂਚਕ ਅਤੇ ਤਣਾਅ-ਮੁਕਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਉਣਗੀਆਂ।
ਇਸ ਮੌਕੇ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਚਰਚਿਲ ਕੁਮਾਰ, ਡਾਇਰੈਕਟਰ ਅਮਨਿੰਦਰ ਕੌਰ ਬਰਾੜ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।