ਸਰਕਾਰ ਬਣਾਉਣ ਲਈ ਅਕਾਲੀ ਭਾਜਪਾ ਗੱਠਜੋੜ ਜਰੂਰੀ: ਮਲੂਕਾ
ਸਰਕਾਰ ਬਣਾਉਣ ਲਈ ਅਕਾਲੀ ਭਾਜਪਾ ਗੱਠਜੋੜ ਜਰੂਰੀ: ਮਲੂਕਾ
10 ਦਸੰਬਰ 2024: ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ,“ ਸਾਲ 2027 ਵਿੱਚ ਸੂਬੇ ਅੰਦਰ ਸਰਕਾਰ ਬਣਾਉਣ ਲਈ ਸਾਰੇ ਅਕਾਲੀ ਦਲਾਂ ਨੂੰ ਇਕੱਠੇ ਹੋ ਕੇ ਭਾਜਪਾ ਨਾਲ ਗੱਠਜੋੜ ਕਰਨਾ ਪਵੇਗਾ”। ਉਨ੍ਹਾਂ ਕਿਹਾ ਕਿ ਸਾਰੇ ਅਕਾਲੀ ਦਲਾਂ ਨੂੰ ਹੁਣ ਇਕੱਠਾ ਹੋਣ ਦੀ ਲੋੜ ਹੈ।ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸੂਬੇ ਅੰਦਰ ਮੁੜ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਕਾਇਮ ਹੋਵੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਰੇ ਅਕਾਲੀ ਦਲ ਇਕੱਠੇ ਹੋਣ ਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਗੱਠਜੋੜ ਕਰ ਕੇ ਲੜੀਆਂ ਜਾਣ।ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕੇਸ ਦਰਜ ਕਰਨ ਸਮੇਂ ਵੀ ਪੁਲਿਸ ਨੇ ਤੱਥਾਂ ਨੂੰ ਲੁਕੋਇਆ ਹੈ।ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਨੀਵੇਂ ਪੱਧਰ ’ਤੇ ਨਹੀਂ ਆਉਣਾ ਚਾਹੀਦਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੇ ਆਪਣਾ ਢਾਂਚਾ ਭੰਗ ਕਰ ਕੇ ਪਹਿਲ ਕਦਮੀ ਕਰ ਦਿੱਤੀ ਹੈ ਜਦੋਂ ਕਿ ਹੁਣ ਸ੍ਰੋਮਣੀ ਅਕਾਲੀ ਦਲ ਨੇ ਸਿੰਘ ਸਾਹਿਬ ਤੋਂ ਇਸ ਲਈ ਕੁਝ ਸਮਾਂ ਮੰਗਿਆ ਹੈ।ਸ੍ਰੋਮਣੀ ਅਕਾਲੀ ਦਲ ਵਿਚ ਮੁੜ ਏਕਤਾ ਕਰਨ ਲਈ ਉਹ ਆਪਣਾ ਪੂਰਾ ਜ਼ੋਰ ਲਗਾਉਣਗੇ।