ਸੰਸਦ ਮੈਂਬਰਾਂ ਦੇ ਘਰਾਂ ਅੱਗੇ ਭੁੱਖ ਹੜਤਾਲ ਕਰਨਗੇ ਕਿਸਾਨ

ਸੰਸਦ ਮੈਂਬਰਾਂ ਦੇ ਘਰਾਂ ਅੱਗੇ ਭੁੱਖ ਹੜਤਾਲ ਕਰਨਗੇ ਕਿਸਾਨ 

 

ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 13ਵੇਂ ਦਿਨ ਐਤਵਾਰ ਨੂੰ ਸੰਯੁਕਤ ਮੋਰਚਾ ਨੇ ਐਲਾਨ ਕੀਤਾ ਹੈ ਕਿ ਅੱਜ 9  ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਕਿਸਾਨ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਭੁੱਖ ਹੜਤਾਲ ’ਤੇ ਬੈਠਣਗੇ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਕਿਸਾਨਾਂ ਨਾਲ ਜੋ ਵਿਹਾਰ ਕਰ ਰਹੀ ਹੈ ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਸਰਕਾਰ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੇ ਕੰਮ ’ਚ ਵੀ ਅੜਿੱਕੇ ਪਾ ਰਹੀ ਹੈ। ਮੀਡੀਆ ਨੂੰ ਸ਼ੰਭੂ ਬਾਰਡਰ ’ਤੇ ਅੰਦੋਲਨ ਦੀ ਕਵਰੇਜ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਜੋ ਦੇਸ਼ ਲਈ ਖ਼ਤਰਨਾਕ ਸਾਬਤ ਹੋਵੇਗਾ। 
ਇਸ ਮੌਕੇ ਹਰਿਆਣਾ ਦੇ ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਕਿਹਾ ਕਿ  9 ਦਸੰਬਰ ਨੂੰ ਕਿਸਾਨ ਅੰਦੋਲਨ ਦੇ 300 ਦਿਨ ਪੂਰੇ ਹੋਣ ਤੇ ਪੰਜਾਬ ਨੂੰ ਛੱਡ ਕੇ ਜਿੱਥੇ ਕਿਸਾਨ ਸੰਗਠਨ ਹਨ, ਉਥੋਂ ਦੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ 12 ਘੰਟੇ ਭੁੱਖ ਹੜਤਾਲ ’ਤੇ ਬੈਠਣਗੇ।

Share this post