2500 ਰੁਪਏ ਰਿਸ਼ਵਤ ਲੈਣ ਵਾਲਾ ਵਣ ਗਾਰਡ ਗ੍ਰਿਫ਼ਤਾਰ
2500 ਰੁਪਏ ਰਿਸ਼ਵਤ ਲੈਣ ਵਾਲਾ ਵਣ ਗਾਰਡ ਗ੍ਰਿਫ਼ਤਾਰ
4 ਦਸੰਬਰ 2024: ਜ਼ਿਲ੍ਹਾ ਜੰਗਲਾਤ ਵਿਭਾਗ ਮਾਨਸਾ ਵਿਖੇ ਤਾਇਨਾਤ ਇੱਕ ਵਣ ਗਾਰਡ ਮਨਪ੍ਰੀਤ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ 2500 ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਰੰਗੇ ਹੱਥੀਂ ਫੜਿਆ ਹੈ।ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਣ ਗਾਰਡ ਮਨਪ੍ਰੀਤ ਸਿੰਘ ਨੂੰ ਗੁਰਪ੍ਰੀਤ ਸਿੰਘ ਵਾਸੀ ਖੋਖਰ ਰੋਡ, ਮਾਨਸਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਰਸਤੇ ਵਿੱਚ ਜਾ ਰਿਹਾ ਸੀ ਤਾਂ ਵਣ ਗਾਰਡ ਨੇ ਉਸਨੂੰ ਲੱਕੜ ਚੋਰੀ ਕਰਨ ਦੇ ਦੋਸ਼ ਵਿੱਚ ਜੁਰਮਾਨਾ ਕਰਨ ਦੀ ਧਮਕੀ ਦਿੱਤੀ ਸੀ।ਸ਼ਿਕਾਇਤ ਅਨੁਸਾਰ 4,000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਜਿਸ ਚੋਂ ਮਨਪ੍ਰੀਤ ਸਿੰਘ 1400 ਰੁਪਏ ਪਹਿਲੀ ਕਿਸ਼ਤ ਵੀ ਲੈ ਚੁੱਕਾ ਹੈ ਅਤੇ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ॥ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਜੰਗਲਾਤ ਗਾਰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਬਾਕੀ ਬਚੀ 1100 ਰੁਪਏ ਦੀ ਰਕਮ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।